ਸਾਬਕਾ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਭਾਜਪਾ ’ਚ ਸ਼ਾਮਲ; ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਰਵਾਇਆ ਸ਼ਾਮਲ; ਕੁੱਝ ਦਿਨ ਪਹਿਲਾਂ ਅਕਾਲੀ ਦਲ ’ਚੋਂ ਦਿੱਤਾ ਸੀ ਅਸਤੀਫਾ

0
3

ਖਰੜ ਵਿਧਾਨ ਸਭਾ ਹਲਕੇ ਦੇ ਸੀਨੀਅਰ ਸਾਬਕਾ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਭਾਜਪਾ ਦਾ ਪੱਲਾ ਫੜ ਲਿਆ ਐ। ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਭਾਜਪਾ ਵਿਚ ਸ਼ਾਮਲ ਕਰਵਾਇਆ ਐ।  ਉਨ੍ਹਾਂ ਨੇ ਪਿਛਲੇ ਦਿਨੀਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ। ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੀਆਂ ਚਰਚਾਵਾਂ ਵੀ ਚੱਲੀਆਂ ਸੀ ਪਰ ਅੱਜ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਸਰਕਾਰੀ ਰਿਹਾਇਸ਼ ਤੇ ਭਾਜਪਾ ਦਾ ਪੱਲਾ ਫੜ ਲਿਆ ਐ।
ਗਿੱਲਕੋ ਵੈਲੀ ਦੇ ਮਾਲਕ ਰਣਜੀਤ ਸਿੰਘ ਗਿੱਲ ਕਾਫ਼ੀ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸਨ। ਉਹ ਪਾਰਟੀ ਵੱਲੋਂ ਤਿੰਨ ਵਾਰ ਚੋਣ ਲੜ ਚੁੱਕੇ ਹਨ ਅਤੇ ਹਰ ਵਾਰ ਅਸਫਲ ਰਹੇ। ਪਿਛਲੀ ਚੋਣ ਵਿੱਚ ਉਹ ‘ਆਪ’ ਦੀ ਅਨਮੋਲ ਗਗਨ ਮਾਨ ਤੋਂ ਬਾਅਦ ਦੂਜੇ ਨੰਬਰ ’ਤੇ ਰਹੇ ਸਨ। ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਹੈ ਕਿ ਹੁਣ ਉਹ ਖਰੜ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਨੇ।
ਦੱਸਣਯੋਗ ਐ ਕਿ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੇ ‘ਆਪ’ ਵਿੱਚ ਸ਼ਾਮਲ ਹੋਣ ਦੇ ਵੀ ਚਰਚੇ ਸਨ।  ਇਸ ਦਾ ਕਾਰਨ ਉਨ੍ਹਾਂ ਦੇ ਅਕਾਲੀ ਦਲ ਛੱਡਣ ਤੋਂ ਬਾਅਦ ਅਨਮੋਲ ਗਗਨ ਮਾਨ ਦਾ ਅਸਤੀਫਾ ਸੀ। ਕਿਉਂਕਿ ਉਨ੍ਹਾਂ ਦੇ ਅਸਤੀਫ਼ੇ ਤੋਂ ਇੱਕ ਦਿਨ ਬਾਅਦ ਹੀ ਖਰੜ ਤੋਂ ‘ਆਪ’ ਵਿਧਾਇਕਾ ਅਨਮੋਲ ਗਗਨ ਮਾਨ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ, ਹਾਲਾਂਕਿ ਬਾਅਦ ਵਿੱਚ ਪਾਰਟੀ ਦੇ ਜ਼ੋਰ ਦੇਣ ਤੇ ਉਨ੍ਹਾਂ ਨੇ ਅਸਤੀਫਾ ਵਾਪਸ ਲੈ ਲਿਆ ਸੀ।  ਰਣਜੀਤ ਸਿੰਘ ਗਿੱਲ ਕਾਫੀ ਦਿਨਾਂ ਤੋਂ ਆਪਣੇ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਸਨ, ਜਨਤਾ ਦੀਆਂ ਉਮੀਦਾਂ ਮੁਤਾਬਕ ਹੀ ਫੈਸਲਾ ਲੈਣ ਦੀ ਗੱਲ ਕਹੀ ਸੀ।
ਭਾਜਪਾ ਵਿਚ ਜਾਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਪਾਰਟੀ ਵਿੱਚ ਕੁਝ ਅਜਿਹੇ ਲੋਕ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦੇ ਫ਼ੈਸਲਿਆਂ ਕਾਰਨ ਪੁਰਾਣੇ ਵਰਕਰਾਂ ਵਿੱਚ ਨਿਰਾਸ਼ਾ ਹੈ। ਅਕਾਲੀ ਦਲ ਉਨ੍ਹਾਂ ਲੋਕਾਂ ਨੂੰ ਅੱਗੇ ਵਧਾ ਰਿਹਾ ਹੈ, ਜਿਨ੍ਹਾਂ ਦਾ ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਸਮੇਤ ਕਈ ਅਜਿਹੇ ਮਾਮਲੇ ਸਨ,  ਜਿਨ੍ਹਾਂ ਕਾਰਨ ਵਰਕਰਾਂ ਵਿੱਚ ਨਿਰਾਸ਼ਾ ਪੈਦਾ ਹੋਈ ਸੀ। ਉਨ੍ਹਾਂ ਨੇ ਪਾਰਟੀ ਨੂੰ ਇਸ ਬਾਰੇ ਜਾਣੂ ਵੀ ਕਰਵਾਇਆ ਪਰ ਕੋਈ ਗੱਲ ਨਹੀਂ ਸੁਣੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸਮਰਥਕਾਂ ਦੀ ਰਾਇ ਮੁਤਾਬਕ ਭਾਜਪਾ ਵਿਚ ਜਾਣ ਦਾ ਰਸਤਾ ਚੁਣਿਆ ਐ।

LEAVE A REPLY

Please enter your comment!
Please enter your name here