ਕਪੂਰਥਲਾ ਸਿਵਲ ਹਸਪਤਾਲ ਅੰਦਰ ਲੱਗਿਆ ਆਕਸੀਜਨ ਯੂਨਿਟ ਚਿੱਟਾ ਹਾਥੀ ਸਾਬਤ ਹੋ ਰਿਹਾ ਐ। ਜਲੰਧਰ ਸਿਵਲ ਹਸਪਤਾਲ ਅੰਦਰ ਵਾਪਰੀ ਆਕਸੀਜਨ ਘਟਨਾ ਤੋਂ ਬਾਅਦ ਵੀ ਕਪੂਰਥਲਾ ਹਸਪਤਾਲ ਪ੍ਰਸ਼ਾਸਨ ਨਹੀਂ ਜਾਗਿਆ ਐ ਅਤੇ ਇੱਥੇ ਬਣਿਆ ਅਕਸੀਜਨ ਯੂਨਿਟ ਬੰਦ ਪਿਆ ਐ। ਹਾਲਤ ਇਹ ਐ ਕਿ ਹਸਪਤਾਲ ਸਟਾਫ ਵੱਲੋਂ ਆਕਸੀਜਨ ਦੇ ਸਿਲੰਡਰਾਂ ਰਾਹੀਂ ਹੀ ਕੰਮ ਚਲਾਇਆ ਜਾ ਰਿਹਾ ਐ। ਸਿਹਤ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਇਸ ਬਾਰੇ ਕਈ ਵਾਰ ਲਿਖ ਚੁੱਕੇ ਨੇ ਪਰ ਮਸਲਾ ਹੱਲ ਨਹੀਂ ਹੋਇਆ। ਐਸਐਮਓ ਦਾ ਕਹਿਣਾ ਐ ਕਿ ਚੋਰ ਯੂਨਿਟ ਦੇ ਪਾਈਪ ਬਗੈਰਾ ਚੋਰੀ ਕਰ ਲੈਂਦੇ ਨੇ ਅਤੇ ਦੂਜਾ ਸਟਾਫ ਦੀ ਘਾਟ ਐ, ਜਿਸ ਕਾਰਨ ਪਲਾਟ ਬੰਦ ਕਰਨਾ ਪਿਆ ਐ।
ਦੱਸਣਯੋਗ ਐ ਕਿ ਜਲੰਧਰ ਸਿਵਲ ਹਸਪਤਾਲ ਵਿਚ ਆਕਸੀਜਨ ਦੀ ਕਮੀ ਦੇ ਚਲਦਿਂਆਂ ਤਿੰਨ ਮਰੀਜਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਵੀ ਕਪੂਰਥਲਾ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਸਬਕ ਨਹੀਂ ਸਿੱਖਿਆ ਅਤੇ ਇੱਥੇ ਆਕਸੀਜਨ ਯੂਨਿਟ ਕਾਫੀ ਸਮੇਂ ਤੋਂ ਬੰਦ ਪਿਆ ਐ, ਜਿਸ ਕਾਰਨ ਇਹ ਆਕਸੀਜਨ ਪਲਾਂਟ ਚਿੱਟਾ ਹਾਥੀ ਬਣ ਗਿਆ ਹੈ। ਇਸ ਸਬੰਧ ਵਿੱਚ ਜਦੋਂ ਸਿਵਲ ਹਸਪਤਾਲ ਦੀ ਐਸਐਮਓ ਇੰਦੂਬਾਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਆਕਸੀਜਨ ਪਲਾਂਟ ਬੰਦ ਹੋ ਗਿਆ ਸੀ।
ਪਲਾਂਟ ਬੰਦ ਹੋਣ ਦਾ ਕਾਰਨ ਇਹ ਹੈ ਕਿ ਚੋਰ ਇੱਥੇ ਆਉਂਦੇ ਹਨ ਅਤੇ ਆਕਸੀਜਨ ਪਲਾਂਟ ਤੋਂ ਪਾਈਪ ਆਦਿ ਚੋਰੀ ਕਰ ਲੈਂਦੇ ਹਨ ਅਤੇ ਦੂਜਾ ਕਾਰਨ ਇੱਥੇ ਸਟਾਫ ਦੀ ਘਾਟ ਹੈ ਜੋ ਆਕਸੀਜਨ ਪਲਾਂਟ ਚਲਾ ਸਕੇ। ਪਰ ਫਿਰ ਵੀ ਸਾਨੂੰ ਬਾਹਰੋਂ ਆਕਸੀਜਨ ਸਿਲੰਡਰ ਮਿਲ ਰਹੇ ਹਨ। ਐਸਐਮਓ ਇੰਦੂਬਾਲਾ ਨੇ ਕਿਹਾ ਕਿ ਉਨ੍ਹਾਂ ਨੇ ਆਕਸੀਜਨ ਪਲਾਂਟ ਬੰਦ ਹੋਣ ਬਾਰੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖਿਆ ਹੈ। ਇਹ ਵੀ ਦੱਸਣਯੋਗ ਐ ਸਿਹਤ ਮੰਤਰੀ ਬਲਬੀਰ ਸਿੰਘ ਵੀ ਕਈ ਵਾਰ ਕਪੂਰਥਲਾ ਸਿਵਲ ਹਸਪਤਾਲ ਦਾ ਦੌਰਾ ਕਰ ਚੁੱਕੇ ਨੇ, ਇਸ ਦੇ ਬਾਵਜੂਦ ਹਸਪਤਾਲ ਦਾ ਯੂਨਿਟ ਚਾਲੂ ਨਾ ਹੋਣਾ ਸਵਾਲ ਖੜ੍ਹੇ ਕਰਦਾ ਐ।