ਮੋਹਾਲੀ ਦੇ ਫੇਜ-10 ਵਿਖੇ ਇਕ ਦਵਾਈਆਂ ਦੀ ਦੁਕਾਨ ਤੇ ਪਿਉ-ਪੁੱਤਰਾਂ ਨਾਲ ਦੁਕਾਨ ਅੰਦਰ ਦਾਖਲ ਹੋ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਐ। ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਕੁੱਝ ਲੋਕ ਦੁਕਾਨ ਅੰਦਰ ਦਾਖਲ ਹੋ ਕੇ ਖਿੱਚ-ਧੂਹ ਤੇ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਨੇ। ਦੁਕਾਨ ਮਾਲਕ ਦੀ ਪਛਾਣ ਹਰਮਿੰਦਰ ਸਿੰਘ ਬਿੰਦਰਾ ਵਜੋਂ ਹੋਈ ਐ, ਜਿਸ ਤੇ ਉਨ੍ਹਾਂ ਦੇ ਗੁਆਂਢ ਵਿਚ ਹੀ ਦਵਾਈਆਂ ਦੀ ਦੁਕਾਨ ਕਰਦੇ ਲੋਕਾਂ ਵੱਲੋਂ ਬਾਹਰੀ ਬੰਦਿਆਂ ਦੀ ਮਦਦ ਨਾਲ ਹਮਲਾ ਕੀਤਾ ਸੀ।
ਮਾਮਲਾ ਦੋਵੇਂ ਧਿਰਾਂ ਵਿਚਾਲੇ ਪੁਰਾਣੀ ਰੰਜ਼ਿਸ਼ ਦਾ ਦੱਸਿਆ ਜਾ ਰਿਹਾ ਐ। ਕੁੱਝ ਦਿਨ ਪਹਿਲਾਂ ਵੀ ਹਮਲਾਵਰਾਂ ਨੇ ਪਿਸਟਲ ਦਿਖਾ ਕੇ ਡਰਾਇਆ ਧਮਕਾਇਆ ਸੀ, ਜਿਸ ਦੀ ਫੇਜ-11 ਵਿਖੇ ਸ਼ਿਕਾਇਤ ਦਰਜ ਐ। ਪੁਲਿਸ ਨੇ ਮਾਮਲਾ ਦਰਜ ਕਰ ਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਦੀ ਦੁਕਾਨ ਕਰਨ ਵਾਲੇ ਹਰਮਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਹਮਲਾਵਰਾਂ ਦੀ ਵੀ ਉਨ੍ਹਾਂ ਦੇ ਗੁਆਢ ਵਿਚ ਹੀ ਦਵਾਈਆਂ ਦੀ ਦੁਕਾਨ ਐ ਅਤੇ ਉਹ ਉਨ੍ਹਾਂ ਨਾਲ ਪਹਿਲਾਂ ਵੀ ਤਿੰਨ ਵਾਰ ਝਗੜਾ ਕਰ ਚੁੱਕੇ ਨੇ। ਕੁਝ ਮਹੀਨੇ ਪਹਿਲਾਂ ਵੀ ਇਨ੍ਹਾਂ ਨੇ ਪਿਸਟਲ ਦਿਖਾ ਕੇ ਡਰਾਇਆ ਧਮਕਾਇਆ ਸੀ ਜਿਸ ਦੀ ਫੇਸ 11 ਥਾਣੇ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਹੁਣ ਫੇਰ ਬਾਹਰੋਂ ਬੰਦੇ ਬੁਲਾ ਕੇ ਉਸ ਨੂੰ ਦੁਕਾਨ ਤੇ ਅੰਦਰੋਂ ਖਿੱਚ ਕੇ ਬੁਰੀ ਤਰਾਂ ਕੁੱਟਮਾਰ ਕੀਤੀ ਗਈ। ਇਸ ਮਾਮਲੇ ਵਿਚ ਪੁਲਿਸ ਨੇ ਭਾਵੇਂ ਕੇਸ ਦਰਜ ਕਰ ਕੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਐ ਪਰ ਪੀੜਤ ਧਿਰ ਅੰਦਰ ਸਹਿਮ ਪਾਇਆ ਜਾ ਰਿਹਾ ਐ।
ਦੂਜੇ ਪਾਸੇ ਇਹ ਮਾਮਲਾ ਸਿਆਸਤ ਨਾਲ ਪ੍ਰੇਰਿਤ ਦੱਸਿਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਪੁਲਿਸ ਖੁਲ੍ਹ ਕੇ ਬੋਲਣ ਤੋਂ ਸੰਕੋਚ ਕਰਦੇ ਦਿਖਾਈ ਦੇ ਰਹੀ ਐ ਪਰ ਸ਼ਰੇਆਮ ਸਿੱਖ ਪਿਓ ਪੁੱਤ ਦੀ ਇਸ ਤਰ੍ਹਾਂ ਨਾਲ ਕੀਤੀ ਕੁੱਟਮਾਰ ਨਾਲ ਪੂਰਾ ਪਰਿਵਾਰ ਹੀ ਸਹਿਮਿਆ ਹੋਇਆ ਹੈ। ਬਿੰਦਰਾ ਦਾ ਕਹਿਣਾ ਸੀ ਕਿ ਰਾਤ ਨੂੰ ਜਦੋਂ ਦੁਕਾਨ ਬੰਦ ਕਰਕੇ ਘਰ ਨੂੰ ਵਾਪਸ ਜਾਂਦੇ ਹਨ ਤਾਂ ਹਮੇਸ਼ਾ ਡਰ ਹੀ ਲੱਗਿਆ ਰਹਿੰਦਾ ਹੈ ਕਿ ਉਹਨਾਂ ਉੱਪਰ ਕਿਤੇ ਫੇਰ ਹਮਲਾ ਨਾ ਕਰ ਦੇਣ ਕਿਉਂਕਿ ਉਹਨਾਂ ਦੀ ਬੇਟੀ ਵੀ ਦੁਕਾਨ ’ਤੇ ਬੈਠੀ ਹੁੰਦੀ ਹੈ। ਦੋਵਾਂ ਧਿਰਾਂ ਵਿਚਾਲੇ ਪਹਿਲਾਂ ਵੀ ਦੋ ਵਾਰ ਲੜਾਈ ਹੋ ਚੁੱਕੀ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਬਣਦੀ ਸਖਤ ਕਾਰਵਾਈ ਦੀ ਮੰਗ ਕੀਤੀ ਐ। ਦੂਜੇ ਪਾਸੇ ਪੁਲਿਸ ਨੇ ਮਾਮਲੇ ਵਿਚ ਸਖਤ ਕਾਰਵਾਈ ਦੀ ਗੱਲ ਕਹੀ ਐ।