ਜਲਾਲਾਬਾਦ ਦੇ ਪਿੰਡ ਸੁਖੇਰਾ ਬੋਤਲਾ ’ਚ ਸੀਵਰੇਜ ਦੇ ਪਾਣੀ ਤੋਂ ਲੋਕ ਪ੍ਰੇਸ਼ਾਨ; ਲੱਖਾਂ ਰੁਪਏ ਖਰਚਣ ਦੇ ਬਾਵਜੂਦ ਕੰਮ ਨਹੀਂ ਕਰ ਰਿਹਾ ਟਰੀਟਮੈਂਟ ਪਲਾਂਟ; ਠੇਕੇਦਾਰ ਦਾ ਨਾਮ ਨਹੀਂ ਦੱਸ ਰਿਹਾ ਵਿਭਾਗ, ਲੋਕਾਂ ਨੇ ਲਾਏ ਗੰਭੀਰ ਇਲਜ਼ਾਮ

0
4

ਜਲਾਲਾਬਾਦ ਦੇ ਪਿੰਡ ਸੁਖੇਰਾ ਬੋਤਲਾ ’ਚ ਲੱਖਾਂ ਰੁਪਏ ਨਾਲ ਬਣਿਆ ਸੀਵਰੇਜ ਟਰੀਟਮੈਂਟ ਪਲਾਟ ਚਿੱਟਾ ਹਾਥੀ ਸਾਬਤ ਹੋ ਰਿਹਾ ਐ। ਹਾਲਤ ਇਹ ਐ ਕਿ ਟਰੀਟਮੈਂਟ ਪਲਾਟ ਬੰਦ ਹੋਣ ਕਾਰਨ ਛੱਪੜ ਦਾ ਪਾਣੀ ਓਵਰ ਫਲੋਅ ਹੋ ਕੇ ਕਿਸਾਨਾਂ ਦੇ ਖੇਤਾਂ ਵਿਚ ਜਾ ਰਿਹਾ ਐ, ਜਿਸ ਕਾਰਨ ਕਿਸਾਨਾਂ ਦੀ ਫਸਲਾਂ ਬਰਬਾਦ ਹੋਣ ਦਾ ਖਤਰਾ ਪੈਦਾ ਹੋ ਗਿਆ ਐ।
ਕਿਸਾਨਾਂ ਦਾ ਕਹਿਣਾ ਐ  ਕਿ ਟਰੀਟਮੈਂਟ ਪਲਾਂਟ ਵਾਸਤੇ ਹੁਣ ਤਕ 60 ਲੱਖ ਰੁਪਏ ਤਕ ਗਰਾਂਟ ਆ ਚੁੱਕੀ ਐ, ਇਸ ਦੇ ਬਾਵਜੂਦ ਹਾਲਤ ਨਹੀਂ ਸੁਧਰੇ। ਜਾਣਕਾਰੀ ਅਨੁਸਾਰ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸੇਮ ਨਾਲੇ ਤੱਕ ਵਿਛਾਈ ਦੋ ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਗਈ ਸੀ ਜੋ ਇਸ ਵੇਲੇ ਖਸਤਾ ਹਾਲਤ ਹੋਈ ਪਈ ਐ। ਲੋਕਾਂ ਦੇ ਦੱਸਣ ਮੁਤਾਬਕ ਇੱਥੇ ਲੱਗੀ ਮੋਟਰ ਵੀ  ਚਾਰ ਵਾਰ ਸੜ ਚੁੱਕੀ ਹੈ। ਲੋਕਾਂ ਨੇ ਸਰਕਾਰ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਐ।
ਪਿੰਡ ਵਾਸੀਆਂ ਨੇ ਆਰੋਪ ਲਗਾਏ ਨੇ ਕਿ ਉਹਨਾਂ ਦੇ ਵੱਲੋਂ ਵਿਭਾਗ ਤੋਂ ਕਈ ਵਾਰ ਪੁੱਛਿਆ ਗਿਆ ਕਿ ਇਸ ਟਰੀਟਮੈਂਟ ਪਲਾਂਟ ਨੂੰ ਬਣਾਉਣ ਵਾਲਾ ਠੇਕੇਦਾਰ ਕੌਣ ਐ ਤਾਂ ਜੋ ਕਿ ਉਹ ਡੀਸੀ ਨੂੰ ਇਸ ਦੀ ਸ਼ਿਕਾਇਤ ਕਰ ਸਕਣ ਪਰ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਹ ਕਿਸ ਠੇਕੇਦਾਰ ਵੱਲੋਂ ਬਣਾਇਆ ਗਿਆ।
ਬੀਤੇ ਦਿਨੀ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੱਲੋਂ 11 ਲੱਖ ਰੁਪਏ ਦੀ ਗਰਾਂਟ ਇਸ ਛੱਪੜ ਦੀ ਨਿਕਾਸੀ ਦੇ ਲਈ ਵਿਛਾਈ ਜਾਣ ਵਾਲੀ ਪਾਈਪ ਲਾਈਨ ਲਈ ਦਿੱਤੀ ਗਈ ਸੀ ਪਰ ਪਾਈਪ ਲਾਈਨ ਵੀ ਹੁਣ ਖਸਤਾ ਹਾਲ ਹੋਈ ਹੈ। ਹਾਲਾਤ ਇਹ ਹਨ ਕਿ ਪਾਈਪ ਲਾਈਨ ਜਿਸ ਨਹਿਰ ਦੇ ਵਿੱਚੋਂ ਹੋ ਕੇ ਜਾਂਦੀ ਸੀ ਉਸ ਨਹਿਰ ਦੇ ਵਿੱਚ ਪਾਣੀ ਆਣ ਕਾਰਨ ਪਾਈਪ ਲਾਈਨ ਵੀ ਰੁੜ ਗਈ।
ਜਿੱਥੇ ਕਿਸਾਨਾਂ ਨੇ ਇਸ ਮਾਮਲੇ ਦੀ ਜਾਂਚ ਅਤੇ ਇਸ ਟਰੀਟਮੈਂਟ ਪਲਾਂਟ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ ਉੱਥੇ ਹੀ ਦੂਜੇ ਪਾਸੇ ਅਧਿਕਾਰੀ ਇਸ ਤੋਂ ਬੇਖਬਰ ਦਿਖਾਈ ਦੇ ਰਹੇ ਨੇ। ਜਲਾਲਾਬਾਦ ਦੇ ਬੀਡੀਪੀਓ ਦਫਤਰ ਦੇ ਵਿੱਚ ਜਦ ਇਸ ਸਬੰਧ ਵਿੱਚ ਜਾਣਕਾਰੀ ਲੈਣਾ ਚਾਹੀ ਤਾਂ ਸਬੰਧਿਤ ਪੰਚਾਇਤ ਸੈਕਟਰੀ ਕੈਮਰੇ ਦੇ ਸਾਹਮਣੇ ਹੀ ਨਹੀਂ ਆਇਆ ਅਤੇ ਇੱਕ ਨਵ ਨਿਯੁਕਤ ਜੇਈ ਨੂੰ ਅੱਗੇ ਕਰ ਦਿੱਤਾ ਗਿਆ ਜਿਸ ਨੇ ਕਿਹਾ ਕਿ ਉਹ ਇਸ ਦੀ ਜਲਦ ਜਾਂਚ ਕਰਵਾਉਣਗੇ।

LEAVE A REPLY

Please enter your comment!
Please enter your name here