ਪੰਜਾਬ ਅੰਦਰ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਐ। ਤਾਜਾ ਮਾਮਲਾ ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਪਿੰਡ ਸਠਿਆਲੀ ਤੋਂ ਸਾਹਮਣੇ ਆਇਆ ਐ, ਜਿੱਥੇ ਬੀਤੀ 11 ਵਜੇ ਦੇ ਕਰੀਬ 3 ਅਣਪਛਾਤੇ ਨੌਜਵਾਨਾਂ ਨੇ ਇੱਕ ਟਰੈਵਲ ਏਜੰਟ ਦੇ ਘਰ ਉੱਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿਚ ਭਾਵੇਂ ਜਾਨੀ ਨੁਕਾਸਨ ਤੋਂ ਬਚਾਅ ਰਿਹਾ ਐ ਪਰ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਐ। ਇਸੇ ਦੌਰਾਨ ਲੋਕਾਂ ਨੇ ਹਮਲਾਵਰਾਂ ਦਾ ਪਿੱਛਾ ਵੀ ਕੀਤਾ ਪਰ ਹਮਲਾਵਰ ਹਵਾਈ ਫਾਇਰ ਕਰਦਿਆਂ ਫਰਾਰ ਹੋਣ ਵਿਚ ਸਫਲ ਹੋ ਗਏ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕੁੱਝ ਚੱਲੇ ਅਤੇ ਅਣਚੱਲੇ ਕਾਰਤੂਸ ਬਰਾਮਦ ਕੀਤੇ ਨੇ। ਪੁਲਿਸ ਨੇ ਜ਼ਿਲ੍ਹੇ ਅੰਦਰ ਨਾਕੇਬੰਦੀ ਕਰ ਕੇ ਮੁਲਜਮਾਂ ਦੀ ਭਾਲ ਸ਼ੁਰੂ ਦਿੱਤੀ ਐ।
ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਰਾਤ ਨੂੰ 11 ਵਜੇ ਦੇ ਕਰੀਬ ਇੱਕ ਮੋਟਰਸਾਈਕਲ ਦੇ ਸਵਾਰ ਹੋ ਕੇ ਆਏ 3 ਨੌਜਵਾਨ ਜਿਨਾਂ ਨੇ ਮੂੰਹ ਬੱਧੇ ਹੋਏ ਸਨ, ਉਹਨਾਂ ਨੇ ਸੂਰਜ ਮਸੀਬ ਪੁੱਤਰ ਮਨੋਹਰ ਮਸੀਹ ਜੋ ਕਿ ਟਰੈਵਲ ਏਜੰਟ ਦਾ ਕੰਮ ਕਰਦਾ ਹੈ ਉਸ ਦੇ ਘਰ ਦੇ ਗੇਟ ਅਤੇ ਘਰ ਦੇ ਉੱਪਰਲੀ ਮੰਜਲ ਉੱਪਰ ਬਣੀ ਰਸੋਈ ਉੱਤੇ ਫਾਇਰ ਕੀਤੇ ਹਨ। ਇਸ ਤੋਂ ਇਲਾਵਾ ਹੋਰ ਵੀ ਹਵਾਏ ਫਾਇਰ ਕਰਨ ਦਾ ਦਾਅਵਾ ਪਿੰਡ ਦੇ ਲੋਕਾਂ ਨੇ ਕੀਤਾ ਹੈ।
ਇਸ ਮੌਕੇ ਸੂਰਜ ਮਸੀਹ ਘਰ ਵਿੱਚ ਨਹੀਂ ਸੀ ਉਸ ਦੀ ਘਰ ਵਾਲੀ ਸ਼ਿਵਾਨੀ ਨੇ ਦੱਸਿਆ ਕਿ ਉਸ ਦਾ ਪਤੀ ਟਰੈਵਲ ਏਜੰਟ ਦਾ ਕੰਮ ਕਰਦਾ ਹੈ, ਮੰਗਲਵਾਰ ਦੀ ਰਾਤ ਨੂੰ 11 ਵਜੇ ਦੇ ਘਰ ਉਹ ਆਪਣੀ ਛੋਟੀ ਬੱਚੀ ਅਤੇ ਕੁਝ ਪਰਿਵਾਰਕ ਮੈਂਬਰਾਂ ਨਾਲ ਅਜੇ ਗੱਲਾਂ ਕਰ ਰਹੀ ਸੀ ਤਾਂ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਹ ਬਾਹਰ ਆਈ ਅਤੇ ਉਸਨੇ ਦੇਖਿਆ ਤਾਂ 3 ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਸਨ ਅਤੇ ਉਹਨਾਂ ਨੇ ਮੂੰਹ ਬੱਧੇ ਹੋਏ ਸਨ। ਇਸ ਉਪਰੰਤ ਉਹ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਸ਼ਿਵਾਨੀ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ ਪਰ ਕੁਝ ਦਿਨ ਪਹਿਲਾਂ ਵੀ ਏਦਾਂ ਹੀ ਉਹਨਾਂ ਨੂੰ ਘਰ ਦੇ ਨੇੜੇ ਫਾਇਰਿੰਗ ਹੋਣ ਦਾ ਪਤਾ ਚੱਲਿਆ ਸੀ। ਪਿੰਡ ਦੇ ਕੁਝ ਨੌਜਵਾਨਾਂ ਨੇ ਵੀ ਉਸ ਦਿਨ ਗੋਲੀ ਚੱਲਣ ਦੀ ਪੁਸ਼ਟੀ ਕੀਤੀ ਸੀ। ਸ਼ਿਵਾਨੀ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਟਰੈਵਲ ਏਜੈਂਟ ਅਤੇ ਇਮੀਗ੍ਰੇਸ਼ਨ ਦਾ ਕੰਮ ਹੋਣ ਕਰਕੇ ਸੂਰਜ ਨਾਲ ਕਿਸੇ ਦੀ ਕੋਈ ਰੰਜਿਸ਼ ਹੋਵੇ ਪਰ ਹੋਰ ਕਿਸੇ ਕਿਸਮ ਦੀ ਵੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਬਿਕਰਮ ਸਿੰਘ ਅਤੇ ਮੁਹਤਬਰ ਰਮੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨ ਆਸ਼ੀਸ਼ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੀ ਕਾਰ ਤੇ ਇਹਨਾਂ ਹਮਲਾਵਰਾਂ ਦਾ ਸ੍ਰੀ ਹਰਗੋਬਿੰਦਪੁਰ ਰੋਡ ਤੇ ਪਿੱਛਾ ਕੀਤਾ ਤਾਂ ਇਹ ਆਦਰਸ਼ ਸਕੂਲ ਕੋਟ ਧੰਦਲ ਵੱਲ ਨੂੰ ਹੁੰਦੇ ਹੋਏ ਸੂਏ ਦੇ ਕੰਢੇ ਕਾਦੀਆਂ ਵੱਲ ਨੂੰ ਫਰਾਰ ਹੋ ਗਏ। ਪਿੱਛਾ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਆਦਰਸ਼ ਸਕੂਲ ਕੋਲ ਇਹਨਾਂ ਵਿੱਚ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹਨਾਂ ਨੌਜਵਾਨਾਂ ਵੱਲ ਵੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਉਹ ਵਾਪਸ ਪਿੰਡ ਪਰਤ ਆਏ।
ਇਸ ਦੌਰਾਨ ਪਿੰਡ ਵਿੱਚ ਥਾਣਾ ਮੁਖੀ ਕਾਹਨੂੰਵਾਨ ਕੁਲਵਿੰਦਰ ਸਿੰਘ ਵੀ ਮੌਕੇ ਤੇ ਪਹੁੰਚੇ ਹੋਏ ਸਨ ਉਹਨਾਂ ਨੇ ਕਿਹਾ ਕਿ ਸੂਰਜ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਹੋ ਸਕਦਾ ਹੈ ਕਿਸੇ ਨੇ ਕੋਈ ਦੁਸ਼ਮਣੀ ਕੱਢੀ ਹੋਵੇ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਵਿੱਚ ਨਾਕਾਮੰਦੀ ਤੋਂ ਇਲਾਵਾ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਸ਼ੱਕੀ ਰਾਹਾਂ ਉੱਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਸਠਿਆਲੀ ਅੱਡੇ ਤੇ ਕੁਝ ਲੁਟੇਰਿਆਂ ਨੇ ਇੱਕ ਦੁਕਾਨਦਾਰ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਸੀ ਅਤੇ ਨਾਲ ਲੱਗਦੇ ਨਹਿਰ ਕੋਲ ਰਹਿੰਦੇ ਇੱਕ ਪਰਿਵਾਰ ਦੇ ਨੌਜਵਾਨ ਤੋਂ ਵੀ ਮੋਟਰਸਾਈਕਲ ਹੋਣ ਦੀ ਘਟਨਾ ਹੋਈ ਸੀ ਜਿਸ ਘਟਨਾ ਵਿੱਚ ਮੋਟਰਸਾਈਕਲ ਵਾਲੇ ਨੌਜਵਾਨ ਦਾ ਲੁਟੇਰਿਆਂ ਨੇ ਹੱਥ ਤੇ ਧਰ ਹਥਿਆਰਾਂ ਨਾਲ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਸੀ।