ਜਲੰਧਰ ਦੇ ਸਿਵਲ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਬੀਤੀ ਸ਼ਾਮ ਉਸ ਸਮੇਂ ਵੱਡੀ ਘਟਨਾ ਵਾਪਰ ਗਈ ਜਦੋਂ ਇੱਥੇ ਆਕਸੀਜਨ ਪਲਾਂਟ ਵਿੱਚ ਅਚਾਨਕ ਤਕਨੀਕੀ ਖਰਾਬੀ ਕਾਰਨ ਆਈਸੀਯੂ ਵਿਚ ਦਾਖਲ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ, ਹਸਪਤਾਲ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸਐਮਓ ਡਾ. ਵਿਨੈ ਨੇ ਤਕਨੀਕੀ ਖਰਾਬੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਕਸੀਜਨ ਸਪਲਾਈ ਵਿੱਚ ਵਿਘਨ ਪਿਆ, ਜਿਸ ਤੋਂ ਬਾਅਦ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਮਰੀਜ਼ ਸੱਪ ਦੇ ਡੰਗ ਦਾ ਸ਼ਿਕਾਰ ਸੀ, ਦੂਜਾ ਟੀਬੀ ਤੋਂ ਪੀੜਤ ਸੀ, ਜਦੋਂ ਕਿ ਤੀਜਾ ਮਰੀਜ਼ ਨਸ਼ੇ ਦੀ ਓਵਰਡੋਜ਼ ਤੋਂ ਪੀੜਤ ਸੀ। ਡਾ. ਵਿਨੈ ਨੇ ਕਿਹਾ ਕਿ ਮੌਤਾਂ ਅਤੇ ਨੁਕਸ ਵਿਚਕਾਰ ਸਬੰਧ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਇਸੇ ਦੌਰਾਨ ਹਸਪਤਾਲ ਵਿਚ ਦੇਰ ਰਾਤ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹਾਲਾਤਾ ਜਾਇਜ਼ਾ ਲਿਆ।
ਉਧਰ ਮਰੀਜ਼ਾਂ ਦੇ ਨਾਲ ਆਏ ਰਿਸ਼ਤੇਦਾਰਾਂ ਨੇ ਮੌਕੇ ਤੇ ਹਾਲਾਤਾਂ ਬਾਰੇ ਜਾਣਕਾਰੀ ਸਾਂਝਾ ਕੀਤੀ ਐ। ਮਰੀਜ਼ ਅਰਚਨਾ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਅਰਚਨਾ ਨੂੰ ਸੱਪ ਨੇ ਡੰਗ ਲਿਆ ਸੀ, ਜਿਸ ਤੋਂ ਬਾਅਦ ਅਸੀਂ ਉਸਨੂੰ ਸਿਵਲ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ। ਉਹ ਪਿਛਲੇ 7 ਦਿਨਾਂ ਤੋਂ ਇੱਥੇ ਦਾਖਲ ਸੀ। ਜਦੋਂ ਆਕਸੀਜਨ ਸਪਲਾਈ ਵਿੱਚ ਸਮੱਸਿਆ ਆਈ, ਤਾਂ ਅਸੀਂ ਦੇਖਿਆ ਕਿ ਜਿਸ ਪਾਈਪ ਰਾਹੀਂ ਆਕਸੀਜਨ ਦਿੱਤੀ ਜਾ ਰਹੀ ਸੀ ਉਹ ਬੰਦ ਹੋ ਗਈ ਸੀ। ਉਹੀ ਆਕਸੀਜਨ ਸਾਡੀ ਧੀ ਨੂੰ ਵੀ ਦਿੱਤੀ ਗਈ। ਇਸ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਅਤੇ ਉਸਦੀ ਮੌਤ ਹੋ ਗਈ। ਪਰਿਵਾਰ ਦਾ ਇਲਜਾਮ ਸੀ ਕਿ ਇਹ ਸਭ ਸਿਵਲ ਹਸਪਤਾਲ ਦੀ ਲਾਪਰਵਾਹੀ ਕਾਰਨ ਹੋਇਆ ਹੈ। ਜੇਕਰ ਸਮੇਂ ਸਿਰ ਆਕਸੀਜਨ ਸਪਲਾਈ ਠੀਕ ਹੁੰਦੀ, ਤਾਂ ਸ਼ਾਇਦ ਸਾਡੀ ਧੀ ਨੂੰ ਬਚਾਇਆ ਜਾ ਸਕਦਾ ਸੀ। ਹਸਪਤਾਲ ਪ੍ਰਸ਼ਾਸਨ ਨੂੰ ਇਸ ਲਾਪਰਵਾਹੀ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।”
ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਮੈਡੀਕਲ ਸੁਪਰਡੈਂਟ ਡਾ. ਰਾਜਕੁਮਾਰ ਬੱਦਨ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ। ਫਿਰ ਉਹ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ 9 ਮੈਂਬਰੀ ਕਮੇਟੀ ਬਣਾਈ ਹੈ। ਉਨ੍ਹਾਂ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਮਾਮਲੇ ਦੀ ਰਿਪੋਰਟ ਪੇਸ਼ ਕਰਨ ਲਈ ਬੁੱਧਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਨੂੰ ਰਾਜਨੀਤਿਕ ਰੰਗ ਦੇਣ ਲਈ ਭਾਜਪਾ ਦੀ ਕੋਰ ਕਮੇਟੀ ਮੌਕੇ ‘ਤੇ ਪਹੁੰਚ ਗਈ। ਜਿੱਥੇ ਭਾਜਪਾ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਨਾਲ-ਨਾਲ ਹਸਪਤਾਲ ਪ੍ਰਸ਼ਾਸਨ ‘ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਭਾਜਪਾ ਵੱਲੋਂ ਮਾਮਲੇ ਨੂੰ ਰਾਜਨੀਤਿਕ ਰੰਗ ਦੇਣ ਤੋਂ ਬਾਅਦ, ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਰਾਤ 1:00 ਵਜੇ ਜਲੰਧਰ ਦੇ ਸਿਵਲ ਹਸਪਤਾਲ ਪਹੁੰਚੇ। ਉੱਥੇ ਪਹੁੰਚਣ ਤੋਂ ਬਾਅਦ, ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਹਸਪਤਾਲ ਦੇ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਰਹਿ ਨਹੀਂ ਸਕੇ ਅਤੇ ਮੌਕੇ ‘ਤੇ ਪਹੁੰਚ ਗਏ ਹਾਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਉਨ੍ਹਾਂ ਵੱਲੋਂ ਇੱਕ ਟੀਮ ਬਣਾਈ ਜਾਵੇਗੀ ਜੋ ਸੁਤੰਤਰ ਤੌਰ ‘ਤੇ ਆਪਣੀ ਜਾਂਚ ਕਰੇਗੀ, ਜਿਸ ਦੀ ਰਿਪੋਰਟ ਸਿੱਧੇ ਮੈਨੂੰ ਦਿੱਤੀ ਜਾਵੇਗੀ।