ਪੰਜਾਬ ਅੰਮ੍ਰਿਤਸਰ ਏਅਰਪੋਰਟ ਰੋਡ ’ਤੇ ਸਰਪੰਚਾਂ ਦਾ ਇਕੱਠ; ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਜ਼ਾਹਰ ਕੀਤੀ ਨਰਾਜਗੀ; ਕਿਹਾ, ਲੈਂਡ ਪੁਲਿੰਗ ਨੀਤੀ ਰੱਦ ਨਾ ਹੋਈ ਤਾਂ ਕਰਾਂਗੇ ਵੱਡਾ ਸੰਘਰਸ਼ By admin - July 28, 2025 0 2 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੁਲਿੰਗ ਨੀਤੀ ਖਿਲਾਫ ਕਿਸਾਨਾਂ ਅੰਦਰ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਐ। ਇਸੇ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਏਅਰਪੋਰਟ ਰੋਡ ਤੇ ਪਿੰਡਾਂ ਦੇ ਸਰਪੰਚਾਂ ਨੇ ਵੱਡਾ ਇਕੱਠ ਕੀਤਾ। ਇਸ ਇਕੱਠ ਵਿਚ ਕਿਸਾਨਾਂ ਇਲਾਵਾ ਆਮ ਆਦਮੀ ਪਾਰਟੀ ਨਾਲ ਸਬੰਧਤ ਕਈ ਆਗੂ ਵੀ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸਰਪੰਚਾਂ ਨੇ ਕਿਹਾ ਕਿ ਇਹ ਸਕੀਮ ਕਿਸਾਨਾਂ ਅਤੇ ਪਿੰਡਾਂ ਲਈ ਘਾਤਕ ਹੈ ਅਤੇ ਜੇਕਰ ਇਸਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਸਰਕਾਰ ਨੂੰ ਭਾਰੀ ਨਤੀਜੇ ਭੁਗਤਣੇ ਪੈ ਸਕਦੇ ਹਨ। ਸਰਪੰਚਾਂ ਨੇ ਸਰਕਾਰ ਤੋਂ ਲੈਂਡ ਪੁਲਿੰਗ ਨੀਤੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਐ। ਸਰਪੰਚ ਅਵਤਾਰ ਸਿੰਘ (ਪਿੰਡ ਅਲੀਵਾਲ) ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਅਤੇ ਪਿੰਡਾਂ ਦੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਪਰ ਹੁਣ ਉਹੀ ਸਰਕਾਰ ਕਿਸਾਨਾਂ ਦੀ ਜ਼ਮੀਨ ਲੈਣ ਲਈ ਲੱਗੀ ਹੋਈ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲੱਗਭਗ 150 ਪਿੰਡਾਂ ਦੇ ਸਰਪੰਚ ਇੱਕ ਆਵਾਜ਼ ‘ਚ ਇਸ ਸਕੀਮ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਚੰਡੀਗੜ੍ਹ ‘ਚ ਹੋਈ ਮੀਟਿੰਗ ‘ਚ ਉਨ੍ਹਾਂ ਨੂੰ ਠੱਗਿਆ ਗਿਆ, ਜਿਸ ਵਿੱਚ ਵਿਰੋਧ ਕਰਨ ਵਾਲਿਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਬਾਹਰ ਆ ਕੇ ਝੂਠੀ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ। ਸਰਪੰਚਾਂ ਨੇ ਆਰੋਪ ਲਾਇਆ ਕਿ ਸਰਕਾਰ ਜ਼ਮੀਨਾਂ ਨੂੰ ਮੁਫ਼ਤ ‘ਚ ਲੈ ਕੇ ਉਨ੍ਹਾਂ ਨੂੰ ਵਾਪਸ ਬੇਕਾਰ ਜਾਂ ਘੱਟ ਮੁੱਲ ਵਾਲੇ ਪਲਾਟ ਦੇ ਰਹੀ ਹੈ। ਇਹ ਕਿਸਾਨੀ ਨੂੰ ਖਤਮ ਕਰਨ ਵਾਲੀ ਨੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਪੁਰਖਿਆਂ ਨੇ ਇਹ ਜ਼ਮੀਨ ਰੱਖੀ ਸੀ, ਉਹ ਹੁਣ ਆਪਣੀ ਨਜਾਇਜ਼ੀ ਅਤੇ ਲਾਚਾਰੀ ਮਹਿਸੂਸ ਕਰ ਰਹੇ ਹਨ। ਪਿੰਡ ਬੱਲ ਚੰਦ ਦੇ ਸਰਪੰਚ ਨੇ ਕਿਹਾ, ਅਸੀਂ ਵੀ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਹਾਂ ਪਰ ਜਦੋਂ ਜਾਇਦਾਦ ਹੀ ਨਹੀਂ ਰਹੇਗੀ ਤਾਂ ਪਾਰਟੀ ਕਿਹੜੀ, ਅਸੀਂ ਰੋਟੀ ਕਿਵੇਂ ਖਾਵਾਂਗੇ?” ਉਨ੍ਹਾਂ ਕਿਹਾ ਕਿ ਇੱਕ ਕਿਲਾ ਵੇਚਣ ਤੋਂ ਬਾਅਦ ਜਦੋਂ ਘਰ ਵਿੱਚ ਪਿਉ ਵੀ ਪੁੱਛੇ ਕਿ ਕਿੱਥੇ ਲਾਇਆ ਤਾਂ ਕੋਈ ਜਵਾਬ ਨਹੀਂ ਹੋਵੇਗਾ। ਇਹ ਜ਼ਮੀਨ ਸਾਡੀ ਪਛਾਣ ਹੈ, ਸਾਡਾ ਭਵਿੱਖ ਹੈ।ਸਰਪੰਚਾਂ ਨੇ ਚਿਤਾਵਨੀ ਦਿੱਤੀ ਕਿ ਜੇ ਇਹ ਸਕੀਮ ਵਾਪਸ ਨਾ ਲਈ ਗਈ ਤਾਂ ਅੱਗੇ ਚ ਹੋਰ ਵੱਡਾ ਰੋਸ ਪੈਦਾ ਹੋਵੇਗਾ। ਉਨ੍ਹਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਪੰਜਾਬ ਦੀ ਜ਼ਮੀਨ, ਖੇਤੀਬਾੜੀ ਅਤੇ ਕਿਸਾਨੀ ਬਚਾਈ ਜਾਵੇ, ਨਾ ਕਿ ਬਿਨਾਂ ਰਜ਼ਾਮੰਦੀ ਦੇ ਜ਼ਮੀਨਾਂ ਖੋਹੀ ਜਾਵਣ। ਉਨ੍ਹਾਂ ਆਖ਼ਰ ‘ਚ ਕਿਹਾ ਕਿ “ਜੇਕਰ ਜ਼ਮੀਨ ਖੋਹਣ ਦੀ ਕੋਸ਼ਿਸ਼ ਹੋਈ ਤਾਂ ਲੜਾਂਗੇ ਵੀ, ਮਰਾਂਗੇ ਵੀ – ਪਰ ਹੱਕ ਨਹੀਂ ਛੱਡਾਂਗੇ।”