ਮਾਨਸਾ ਦੇ ਸੈਂਟਰਲ ਪਾਰਕ ਵਿਖੇ ਰੱਖੇ ਗਏ ਨਸ਼ਾ ਮੁਕਤੀ ਯਾਤਰਾ ਤਹਿਤ ਕਰਵਾਏ ਗਏ ਸਮਾਗਮ ਦੌਰਾਨ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਨਸ਼ਿਆਂ ਖਿਲਾਫ ਲੜਣ ਵਾਲਾ ਸਮਾਜ ਸੇਵੀ ਪਰਮਿੰਦਰ ਝੋਟਾ ਸਾਥੀਆਂ ਸਮੇਤ ਪਹੁੰਚ ਗਿਆ। ਇਸ ਦੌਰਾਨ ਝੋਟੇ ਦੀ ਆਮਦ ਨੂੰ ਵੇਖਦਿਆਂ ਹਲਕਾ ਵਿਧਾਇਕ ਸਮੇਤ ਸੱਤਾਧਾਰੀ ਧਿਰ ਦਾ ਕੋਈ ਵੀ ਮੈਂਬਰ ਨਹੀਂ ਪਹੁੰਚਿਆ। ਇਸ ਦੌਰਾਨ ਪਰਮਿੰਦਰ ਝੋਟਾ ਤੇ ਸਾਥੀਆਂ ਦੇ ਉੱਥੇ ਮੌਜੂਦ ਇਕ ਸਖਸ਼ ਨਾਲ ਕਹਾ-ਸੁਣੀ ਵੀ ਹੋਈ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ। ਇਸ ਦੌਰਾਨ ਬਹਿਸ਼ ਵਧਣ ਤੋਂ ਬਾਅਦ ਸਮਾਗਮ ਵਿਚ ਸ਼ਾਮਲ ਨਗਰ ਕੌਂਸਲ ਮੁਲਾਜਮ ਅਤੇ ਕਮੇਟੀ ਮੁਲਾਜਮ ਵੀ ਮੌਕੇ ਤੋਂ ਖਿਸਕ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਝੋਟਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹੇ ਸਮਾਗਮਾਂ ਤੇ ਖਰਚਾ ਕਰਨ ਦੀ ਥਾਂ ਨਸ਼ਾ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਐ।