ਬਟਾਲਾ ’ਚ ਗੈਸ ਪਾਈਪ ਫਟਣ ਕਾਰਨ ਚਾਰ ਜ਼ਖਮੀ; ਇੰਟਰਨੈੱਟ ਤਾਰਾਂ ਪਾਉਣ ਦੌਰਾਨ ਵਾਪਰਿਆ ਹਾਦਸਾ; ਧਰਤੀ ਹੇਠਾਂ ਵਿੱਛੀ ਗੈਸ ਪਾਈਪ ਲਾਈਨ ਨੂੰ ਲੱਗੀ ਅੱਗ

0
2

ਬਟਾਲਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਬੀਤੇ ਦਿਨ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਧਰਤੀ ਹੇਠਾਂ ਵਿੱਛੀ ਗੈਸ ਪਾਈਪ ਲਾਈਨ ਨੂੰ ਅਚਾਨਕ ਅੱਗ ਲੱਗ ਗਈ। ਇਸ ਅੱਗ ਨਾਲ ਚਾਰ ਜਣੇ ਝੁਲਸ ਗਏ ਨੇ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਅੱਗ ਲੱਗਣ ਦੀ ਵਜ੍ਹਾ ਇੰਟਰਨੈੱਟ ਦੀਆਂ ਤਾਰਾ ਵਿਛਾਉਣ ਦੌਰਾਨ ਪਾਈਪ ਲਾਈਨ ਨੂੰ ਹੋਇਆ ਨੁਕਸਾਨ ਮੰਨਿਆ ਜਾ ਰਿਹਾ ਐ। ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੇ ਮੁਲਾਜਮਾਂ ਗੱਲੋਂ ਇੰਟਰਨੈੱਟ ਤਾਰਾਂ ਵਿਛਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਗਲਤੀ ਨਾਲ ਗੈਸ ਪਾਈਪ ਲਾਈਨ ਨੁਕਸਾਨੀ ਗਈ, ਜਿਸ ਕਾਰਨ ਅਚਾਨਕ ਧਮਾਕਾ ਹੋ ਗਿਆ, ਜਿਸ ਦੀ ਲਪੇਟ ਵਿਚ ਆ ਕੇ ਇਕ ਬੱਚੇ ਸਮੇਤ ਚਾਰ ਜਣੇ ਝੁਲਸ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਸਥਾਨਕ ਵਾਸੀਆਂ ਨੇ ਨਿੱਜੀ ਕੰਪਨੀ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਐ।
ਅੱਗ ਦੀ ਲਪੇਟ ’ਚ ਆਉਣ ਵਾਲੇ ਪੀੜਤਾਂ ਦੀ ਪਛਾਣ ਰਿਸ਼ਭ ਅਗਰਵਾਲ ਪੁੱਤਰ ਅਨਿਲ ਅਗਰਵਾਲ ਵਾਸੀ ਠਠਿਆਰੀ ਗੇਟ ਬਟਾਲਾ, ਜੋਗਿੰਦਰ ਪਾਲ ਪੁੱਤਰ ਮੁਲਖ ਰਾਜ ਵਾਸੀ ਉਮਰਪੁਰਾ, ਜਫਰ ਅਲੀ ਪੁੱਤਰ ਹਾਮਿਦ ਵਾਸੀ ਜਲੰਧਰ ਤੇ 10 ਸਾਲਾ ਬੱਚਾ ਰਿਆਨ ਪੁੱਤਰ ਅਮਿਤ ਵਾਸੀ ਉਮਰਪੁਰਾ ਵਜੋਂ ਹੋਈ ਐ। ਪੀੜਤਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਉਧਰ ਰਿਸ਼ਵ ਅਗਰਵਾਲ ਤੇ ਬੱਚੇ ਰਿਆਨ ਦੇ ਜ਼ਿਆਦਾ ਝੁਲਸੇ ਹੋਣ ਕਰ ਕੇ ਉਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਭਾਜੜਾ ਪੈ ਗਈਆਂ ਹਨ।
ਮੁਹੱਲਾ ਉਮਰਪੁਰਾ ਵਾਸੀਆਂ ਮੁਤਾਬਕ ਇਕ ਨਿੱਜੀ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਇੰਟਰਨੈੱਟ ਦੀਆਂ ਤਾਰਾਂ ਪਾਉਣ ਲਈ ਕੰਮ ਕੀਤਾ ਜਾ ਰਿਹਾ ਸੀ ਤੇ ਦੁਪਹਿਰ ਵੇਲੇ ਗੈਸ ਲੀਕੇਜ ਨਾਲ ਬਦਬੂ ਆਉਣੀ ਸ਼ੁਰੂ ਹੋ ਗਈ। ਗੈਸ ਦੀ ਲੀਕੇਜ ਸੰਬੰਧੀ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਦੱਸਿਆ, ਪਰ ਉਨ੍ਹਾਂ ਇਸ ਗੱਲ ਨੂੰ ਅਣਗੌਲਿਆ ਕਰ ਦਿੱਤਾ, ਜਿਸ ਦੇ ਚਲਦਿਆਂ ਕੁਝ ਸਮੇਂ ਬਾਅਦ ਅਚਾਨਕ ਵੱਡਾ ਧਮਾਕਾ ਹੋ ਗਿਆ, ਜਿਸ ਦੀ ਲਪੇਟ ਵਿਚ ਦੁਕਾਨ ਅੰਦਰ ਬੈਠੇ ਬੱਚੇ ਸਮੇਤ ਚਾਰ ਲੋਕ ਆ ਗਏ। ਮੌਕੇ ’ਤੇ ਪੁੱਜੇ ਫਾਇਰ ਅਫਸਰ ਨੀਰਜ ਸ਼ਰਮਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਪਹੁੰਚ ਗਏ ਸਨ ਅਤੇ ਅੱਗ ਨਾਲ ਝੁਲਸੇ ਲੋਕਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਲੀਕੇਜ ਗੈਸ ਲਾਈਨ ਨੂੰ ਦੋਹਾਂ ਸਾਈਡਾਂ ਤੋਂ ਸੀਲ ਕਰ ਕੇ ਸਥਿਤੀ ’ਤੇ ਕਾਬੂ ਪਾ ਲਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰਨੀ ਪ੍ਰਧਾਨ ਸ਼ੈਰੀ ਕਲਸੀ ਦਾ ਅੰਮ੍ਰਿਤ ਕਲਸੀ, ਮੇਅਰ ਸੁਖਦੀਪ ਸਿੰਘ ਤੇਜਾ, ਕਾਂਗਰਸੀ ਆਗੂ ਗੌਤਮ ਸੇਠ ਗੁੱਡੂ ਵੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਤੇ ਉਨ੍ਹਾਂ ਦੀ ਤੰਦਰੁਸਤੀ ਲਈ ਕਾਮਨਾ ਕੀਤੀ। ਸਥਾਨਕ ਵਾਸੀਆਂ ਨੇ ਨਿੱਜੀ ਕੰਪਨੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਿੱਜੀ ਕੰਪਨੀ ਦੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here