ਪੰਜਾਬ ਸਰਕਾਰ ਵੱਲੋਂ ਭੀਖ ਮੰਗਣ ਬਹਾਨੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਜੀਵਨ ਜੋਤੀ ਮੁਹਿੰਮ ਚਲਾਈ ਗਈ ਐ, ਜਿਸ ਦੇ ਤਹਿਤ ਪੰਜਾਬ ਭਰ ਅੰਦਰ ਭਿਖਾਰੀਆਂ ਖਿਲਾਫ ਸਿਕੰਜਾ ਕੱਸਿਆ ਜਾ ਰਿਹਾ ਐ। ਇਸੇ ਤਹਿਤ ਸਰਹੱਦੀ ਜ਼ਿਲ੍ਹਾ ਪਠਾਨਕੋਟ ਦੇ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਰੇਡ ਕਰ ਕੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਫੜਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਰੇਣੂ ਨੇ ਦੱਸਿਆ ਕਿ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਬਾਹਰ ਕੀਤੀ ਰੇਡ ਦੌਰਾਨ ਇਕ ਬੱਚੀ ਨੂੰ ਕਾਬੂ ਕੀਤਾ ਗਿਆ ਅਤੇ ਕੁਝ ਮਾਮਲਿਆਂ ਫੜੇ ਗਏ ਲੋਕਾਂ ਨੂੰ ਜਾਂਚ ਪੜਤਾਲ ਤੋਂ ਬਾਅਦ ਹਦਾਇਤਾਂ ਦੇ ਕੇ ਛੱਡਿਆ ਵੀ ਗਿਆ ਐ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਮੁਹਿੰਮ ਜੀਵਨ ਜੋਤੀ ਅਧੀਨ ਅੱਜ ਦੀ ਕਾਰਵਾਈ ਕੀਤੀ ਗਈ ਹੈ ਅਤੇ ਇਹ ਰੇਡਾਂ ਜਿਲ੍ਹਾ ਪਠਾਨਕੋਟ ਅੰਦਰ 31 ਜੁਲਾਈ 2025 ਤੱਕ ਜਾਰੀ ਰਹਿਣਗੀਆਂ।
ਇਸ ਦੌਰਾਨ ਜਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਅਸਥਾਨਾਂ ਤੇ ਰੇਡ ਕੀਤੀ ਜਾਵੇਗੀ ਜੋ ਬੱਚੇ ਇਸ ਕੰਮ ਵਿੱਚ ਸ਼ਾਮਲ ਪਾਏ ਗਏ ਉਨ੍ਹਾਂ ਬੱਚਿਆਂ ਦੇ ਮਾਪਿਆਂ ਤੇ ਨਿਯਮਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਲਈ ਸਕੂਲਾਂ ਅੰਦਰ ਦਾਖ਼ਲ ਕਰਵਾਇਆ ਜਾਵੇਗਾ। ਫੜੇ ਗਏ ਬੱਚਿਆਂ ਦੇ ਮਾਂ-ਬਾਪ ਅਗਰ ਬੱਚੇ ਨਾਲ ਸੰਬੰਧਤ ਕੋਈ ਵੀ ਕਾਗਜਾਤ ਪੇਸ਼ ਨਹੀਂ ਕਰਦੇ ਹਨ ਤਾਂ ਅਜਿਹੀ ਸੂਰਤ ਵਿੱਚ ਬੱਚਿਆਂ ਨੂੰ ਨਿਰਧਾਰਤ ਕੀਤੇ ਸ਼ੈਲਟਰ ਹੋਮਾਂ ਵਿੱਚ ਭੇਜਿਆ ਜਾਵੇਗਾ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।