ਸ੍ਰੀਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਦੌਰਾਨ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਕੀਤੀਆਂ ਮਨੋਰੰਜ਼ਨ ਪੇਸ਼ਕਾਰੀ ਦੇ ਮੁੱਦੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਐ। ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਕੀਤੀ ਗਈ ਇਹ ਗਲਤੀ ਨਾ-ਬਰਦਾਸ਼ਤਯੋਗ ਐ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਕਹਿ ਚੁੱਕੀ ਐ ਕਿ ਸਰਕਾਰ ਨੂੰ ਧਾਰਮਿਕ ਸ਼ਤਾਬਦੀਆਂ ਮਨਾਉਣ ਦਾ ਕਾਰਜ ਸ਼੍ਰੋਮਣੀ ਕਮੇਟੀ ਤੇ ਛੱਡ ਦੇਣਾ ਚਾਹੀਦਾ ਐ ਪਰ ਸਰਕਾਰ ਨੇ ਚਿਤਾਵਨੀ ਅਣਗੋਲਿਆ ਕੀਤਾ, ਜਿਸ ਦਾ ਨਤੀਜਾ ਇਸ ਭੁੱਲ ਦੇ ਰੂਪ ਵਿਚ ਸਾਹਮਣੇ ਆਇਆ ਐ।
ਉਨ੍ਹਾਂ ਕਿਹਾ ਕਿ ਜੇਕਰ ਬਿਹਾਰ ਸਰਕਾਰ ਸਾਰੇ ਸਮਾਗਮ ਸ਼੍ਰੋਮਣੀ ਕਮੇਟੀ ਨੂੰ ਸੋਂਪ ਸਕਦੀ ਐ ਤਾਂ ਪੰਜਾਬ ਸਰਕਾਰ ਅਜਿਹਾ ਕਿਉਂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਿਕਾਸ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਐ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਵਾਲੇ ਕੰਮਾਂ ਵਿਚ ਦਖਲ ਨਹੀਂ ਦੇਣਾ ਚਾਹੀਦਾ।
ਦੱਸਣਯੋਗ ਐ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਘਟਨਾ ਨੂੰ ਲੈ ਕੇ ਸਖਤ ਨਰਾਜਗੀ ਜਾਹਰ ਕਰ ਚੁਕੇ ਨੇ। ਇਸ ਬਾਰੇ ਸਖਤ ਨਰਾਜਗੀ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਭਾਸ਼ਾ ਵਿਭਾਗ ਦੇ ਪ੍ਰੋਗਰਾਮ ਵਿੱਚ ਗੁਰੂ ਸਾਹਿਬ ਦੀ ਪਵਿੱਤਰ ਸ਼ਹਾਦਤ ਦੀ ਭਾਵਨਾ ਦੇ ਉਲਟ ਪੇਸ਼ਕਾਰੀਆਂ ਕੀਤੀਆਂ ਗਈਆਂ, ਉਸ ਨੇ ਸ਼ਹਾਦਤ ਦੇ ਸੰਕਲਪ ਦੇ ਨਾਲ-ਨਾਲ ਗੁਰਮਤੀ ਮਰਿਆਦਾ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਡੂੰਘਾ ਝਟਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਵਿੱਚ ਸਰਵਉੱਚ ਅਤੇ ਸ਼ਾਨਦਾਰ ਹੈ। ਇਸ ਲਈ, ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨਾਲ ਸਬੰਧਤ ਹਰ ਪ੍ਰੋਗਰਾਮ ਦੀ ਰੂਪ-ਰੇਖਾ ਸਿੱਖ ਮਾਣ, ਸਤਿਕਾਰ, ਸੰਜਮ ਅਤੇ ਗੁਰਬਾਣੀ ਪ੍ਰਤੀ ਸਤਿਕਾਰ ਦੀ ਭਾਵਨਾ ਦੇ ਅਨੁਸਾਰ ਹੋਣੀ ਚਾਹੀਦੀ ਹੈ। ਪਰ ਪੰਜਾਬ ਦੇ ਭਾਸ਼ਾ ਵਿਭਾਗ ਨੇ ਇਸ ਮੌਕੇ ਨੂੰ ਮਨੋਰੰਜਨ ਦੇ ਮਾਧਿਅਮ ਵਿੱਚ ਬਦਲ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਅਤੇ ਤਿਉਹਾਰ ਸਿਰਫ਼ ਸਿੱਖ ਸੰਸਥਾਵਾਂ ਦੁਆਰਾ ਹੀ ਮਨਾਏ ਜਾਣੇ ਚਾਹੀਦੇ ਹਨ, ਕਿਉਂਕਿ ਸਰਕਾਰਾਂ ਅਤੇ ਸਰਕਾਰੀ ਸੰਸਥਾਵਾਂ ਲਈ ਗੁਰਮਤੀ ਮਰਿਆਦਾ ਦੀ ਸਹੀ ਢੰਗ ਨਾਲ ਪਾਲਣਾ ਕਰਨਾ ਮੁਸ਼ਕਲ ਹੈ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੀ ਤਾਜ਼ਾ ਕਾਰਵਾਈ ਨੇ ਸ਼੍ਰੋਮਣੀ ਕਮੇਟੀ ਦੀ ਚਿੰਤਾ ਦੀ ਪੁਸ਼ਟੀ ਕੀਤੀ ਹੈ।
ਉਧਰ ਸਮਾਗਮ ਦੌਰਾਨ ਗੀਤ ਦੀ ਪੇਸ਼ਕਾਰੀ ਕਰਨ ਵਾਲੇ ਗਾਇਕ ਬੀਰ ਸਿੰਘ ਨੇ ਬਿਆਨ ਜਾਰੀ ਕਰ ਕੇ ਹੋਈ ਭੁੱਲ ਲਈ ਮੁਆਫੀ ਮੰਗੀ ਐ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਇਹ ਭੁੱਲ ਅਣਜਾਣੇ ਵਿਚ ਹੋਈ ਐ ਅਤੇ ਉਹ ਛੇਤੀ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਭੁੱਲ ਭੁਖਸਾਉਣਗੇ। ਉਨ੍ਹਾਂ ਕਿਹਾ ਕਿ ਭੁੱਲ ਦਾ ਪਤਾ ਚੱਲਣ ਬਾਅਦ ਉਨ੍ਹਾਂ ਨੇ ਤੁਰੰਤ ਭੁਲ ਸੁਧਾਰਦਿਆਂ ਬਾਕੀ ਦੇ ਸਮਾਗਮ ਵਿਚ ਗੁਰ-ਮਰਿਆਦਾ ਮੁਤਾਬਕ ਸਾਰੇ ਕਾਰਜ ਨੇਪਰੇ ਚਾੜੇ ਸਨ। ਉਨ੍ਹਾਂ ਕਿਹਾ ਕਿ ਉਹ ਸਿੱਖ ਪੰਥ ਦੀਆਂ ਰਵਾਇਤਾਂ ਦੇ ਉਲਟ ਵਿਚਰਨ ਦਾ ਸੋਚ ਵੀ ਨਹੀਂ ਸਕਦੇ ਅਤੇ ਇਕ ਨਿਮਾਣੇ ਸਿੱਖ ਵਾਂਗ ਹੋਈ ਭੁੱਲ ਲਈ ਮੁਆਫੀ ਮੰਗਦੇ ਨੇ।