ਪੰਜਾਬ ਮੋਹਾਲੀ ਪੁਲਿਸ ਨੇ ਸੁਲਝਾਇਆ ਪਰਵਾਸੀ ਦੇ ਕਤਲ ਦਾ ਮਾਮਲਾ; ਦੋ ਮੁਲਜ਼ਮਾਂ ਨੂੰ ਫੜ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ By admin - July 23, 2025 0 2 Facebook Twitter Pinterest WhatsApp ਮੋਹਾਲੀ ਪੁਲਿਸ ਨੇ ਥਾਣਾ ਮੁੱਲਾਪੁਰ ਅਧੀਨ ਆਉਂਦੇ ਪਿੰਡ ਮੀਆਂਪੁਰ ਚੰਗਲ ਵਿਖੇ ਪਰਵਾਸੀ ਮਜਦੂਰ ਦੇ ਕਤਲ ਮਾਮਲੇ ਨੂੰ ਸੁਲਝਾ ਲਿਆ ਐ। ਪੁਲਿਸ ਨੇ ਇਸ ਮਾਮਲੇ ਵਿਚ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਐ। ਜਾਣਕਾਰੀ ਅਨੁਸਾਰ ਮ੍ਰਿਤਕ ਬਾਬਾ ਸ਼ੇਰ ਸਿੰਘ ਸਮਾਧ ਵਿਖੇ ਗਿਆ ਸੀ, ਜਿੱਥੇ ਦੋ ਨਿਹੰਗ ਸਿੰਘਾਂ ਨੇ ਉਸ ਦੀ ਕੁੱਟਮਾਰ ਕੀਤੀ ਸੀ। ਫੜੇ ਗਏ ਮੁਲਜਮਾਂ ਦੀ ਪਛਾਣ ਸੁਦਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ ਵਾਸੀ ਪਿੰਡ ਕੋਟਲੀ, ਜ਼ਿਲ੍ਹਾ ਰੋਪੜ ਅਤੇ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਰੋਲੀ ਮੋਹਾਲੀ ਵਜੋਂ ਹੋਈ ਐ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਦੀ ਘਰਵਾਲੀ ਪ੍ਰਿਯੰਕਾ ਨੇ ਥਾਣਾ ਮਾਜਰੀ ਵਿੱਚ ਦਰਜ ਇਤਲਾਹ ਵਿੱਚ ਦੱਸਿਆ ਸੀ ਕਿ 20 ਜੁਲਾਈ ਦੀ ਸ਼ਾਮ 8 ਵਜੇ ਉਸਦਾ ਘਰਵਾਲਾ ਸ਼ੈਕੀ ਘਰੇਲੂ ਸਮਾਨ ਲੈਣ ਲਈ ਪਿੰਡ ਮੀਆਂਪੁਰ ਚੰਗਰ ਗਿਆ ਸੀ, ਪਰ ਰਾਤ ਭਰ ਘਰ ਨਹੀਂ ਆਇਆ। ਅਗਲੇ ਦਿਨ ਪਤਾ ਲੱਗਾ ਕਿ ਉਹ ਬਾਬਾ ਸ਼ੇਰ ਸਿੰਘ ਸਮਾਧ ਵਿਖੇ ਗੰਭੀਰ ਜ਼ਖ਼ਮੀ ਹਾਲਤ ਵਿਚ ਪਿਆ ਐ। ਜਦੋਂ ਪਰਿਵਾਰਕ ਮੈਂਬਰ ਉਥੇ ਪਹੁੰਚੇ, ਤਾਂ ਸ਼ੈਕੀ ਨੇ ਦੱਸਿਆ ਕਿ ਪਾਣੀ ਪੀਣ ਲਈ ਸਮਾਧ ‘ਤੇ ਗਿਆ ਸੀ ਜਿੱਥੇ ਦੋ ਨਿਹੰਗਾਂ ਨੇ ਉਸਨੂੰ ਕਾਬੂ ਕਰ ਕੇ ਕੁੱਟ-ਮਾਰ ਕੀਤੀ। ਇਹ ਗੱਲ ਦੱਸਣ ਮਗਰੋਂ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਉਪਰੰਤ, ਥਾਣਾ ਮਾਜਰੀ ਦੇ ਮੁੱਖ ਅਫਸਰ ਇੰਸਪੈਕਟਰ ਯੋਗੇਸ਼ ਕੁਮਾਰ ਅਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਜਾਂਚ ਦੌਰਾਨ ਦੋਸ਼ੀ ਨਿਹੰਗ ਸੁਦਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ ਵਾਸੀ ਪਿੰਡ ਕੋਟਲੀ, ਥਾਣਾ ਮੋਰਿੰਡਾ, ਜ਼ਿਲ੍ਹਾ ਰੂਪਨਗਰ ਅਤੇ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਰੋਲੀ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਪਛਾਣ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧ ਵਿੱਚ ਮਿਤੀ 21-07-2025 ਨੂੰ ਥਾਣਾ ਮਾਜਰੀ ਵਿੱਚ ਮੁਕੱਦਮਾ ਨੰਬਰ 70 ਅਧੀਨ ਧਾਰਾਵਾਂ 103, 126(2) ਬੀ.ਐਨ.ਐਸ ਤਹਿਤ ਦਰਜ ਕੀਤਾ ਗਿਆ। ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਸੁਦਾਗਰ ਸਿੰਘ ਖ਼ਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ। ਇਸੇ ਤਰ੍ਹਾਂ ਦੋਸ਼ੀ ਇੰਦਰਜੀਤ ਸਿੰਘ ਖ਼ਿਲਾਫ ਥਾਣਾ ਸਦਰ ਖਰੜ ਵਿੱਚ ਕੇਸ ਦਰਜ ਹੋਇਆ ਸੀ।