ਮੋਗਾ ਸ਼ਹਿਰ ਅੰਦਰ ਹੋਈ ਭਰਵੀਂ ਬਰਸਾਤ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਐ। ਤਿੰਨ ਘੰਟਿਆਂ ਦੀ ਬਾਰਸ਼ ਨੇ ਸ਼ਹਿਰ ਅੰਦਰ ਚਾਰੇ ਪਾਸੇ ਜਲਥਲ ਕਰ ਦਿੱਤੀ ਐ। ਹਾਲਤ ਇਹ ਐ ਕਿ ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਅੰਦਰ ਵੜ ਗਿਆ ਐ, ਜਿਸ ਨੂੰ ਲੈ ਕੇ ਲੋਕਾਂ ਅੰਦਰ ਭਾਰੀ ਰੋਸ ਪਾਇਆ ਰਿਹਾ ਐ। ਇਸੇ ਨੂੰ ਲੈ ਕੇ ਲੋਕਾਂ ਨੇ ਮੋਗਾ ਤੋਂ ਕੋਟਕਪੂਰਾ ਨੂੰ ਜਾਂਦੀ ਸੜਕ ਤੇ ਜਾਮ ਲਗਾ ਕੇ ਨਗਰ ਨਿਗਮ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।
ਲੋਕਾਂ ਦਾ ਇਲਜਾਮ ਸੀ ਕਿ ਨਿਗਮ ਪ੍ਰਸ਼ਾਸਨ ਨੇ ਡਰੇਨਾਂ ਤੇ ਨਾਲੀਆਂ ਦੀ ਸਫਾਈ ਨਹੀਂ ਕਰਵਾਈ, ਜਿਸ ਦੇ ਚਲਦਿਆਂ ਪਾਣੀ ਓਵਰ-ਫਲੋਅ ਹੋ ਕੇ ਲੋਕਾਂ ਦੇ ਘਰਾਂ ਅੰਦਰ ਵੜਿਆ ਐ। ਉਧਰ ਨਗਰ ਨਿਗਮ ਮੇਅਰ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਐ ਅਤੇ ਛੇਤੀ ਹੀ ਪਾਣੀ ਦੀ ਨਿਕਾਸੀ ਕਰ ਦਿੱਤੀ ਜਾਵੇਗੀ।
ਦੱਸਣਯੋਗ ਐ ਕਿ ਬੀਤੇ ਦਿਨ ਹੋਈ ਮੌਨਸੂਨ ਦੀ ਪਹਿਲੀ ਬਾਰਸ਼ ਨੇ ਸ਼ਹਿਰ ਅੰਦਰ ਜਲਥਲ ਕਰ ਦਿੱਤਾ ਐ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਵੱਲੋਂ ਨਾਲੇ ਦੀ ਸਫਾਈ ਕਰਵਾਈ ਜਾਂਦੀ ਤਾਂ ਸ਼ਾਇਦ ਅੱਜ ਇਹ ਸਥਿਤੀ ਨਾ ਹੁੰਦੀ। ਮੋਗਾ ਤੋਂ ਕੋਟਕਪੂਰਾ, ਬੋਹਣਾ ਚੌਕ ਜਾਣ ਵਾਲੀ ਸੜਕ ਨੂੰ ਜਾਮ ਕਰ ਕੇ ਨਾਅਰੇਬਾਜ਼ੀ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਡਰੇਨ ਨਾਲੇ ਦੀ ਸਫਾਈ ਨਾ ਹੋਣ ਕਾਰਨ ਪਾਣੀ ਓਵਰਫਲੋ ਹੋ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਐ। ਅਸੀਂ ਕੱਲ੍ਹ ਤੋਂ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਕਿ ਰੇਲਵੇ ਨਾਲੇ ਦੀ ਸਫਾਈ ਕਰਵਾਈ ਜਾਵੇ ਅਤੇ ਪਾਣੀ ਦੀ ਨਿਕਾਸੀ ਕੀਤੀ ਜਾਵੇ। ਰੇਲਵੇ ਨਾਲੇ ਦੇ ਨਾਲ ਲੱਗਦੇ ਕਈ ਇਲਾਕੇ ਇਸ ਪਾਣੀ ਦੀ ਲਪੇਟ ਵਿੱਚ ਆ ਗਏ ਹਨ।
ਮੌਕੇ ‘ਤੇ ਪਹੁੰਚੇ ਮੇਅਰ ਬਲਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਡੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਅਸੀਂ ਕੱਲ੍ਹ ਵੀ ਜੇਸੀਬੀ ਦੀ ਵਰਤੋਂ ਕਰਕੇ ਸਫਾਈ ਵਿੱਚ ਰੁੱਝੇ ਹੋਏ ਸੀ ਅਤੇ ਸਾਡੀ ਮੀਟਿੰਗ ਅੱਜ ਹੋਈ ਹੈ, ਅਸੀਂ ਨਹਿਰੀ ਵਿਭਾਗ ਨਾਲ ਗੱਲ ਕੀਤੀ ਹੈ, ਉਹ ਵੀ ਆਪਣੀ ਮਸ਼ੀਨ ਇੱਥੇ ਭੇਜਣਗੇ ਅਤੇ ਇਹ ਨਗਰ ਨਿਗਮ ਦਾ ਕੰਮ ਨਹੀਂ ਹੈ, ਇਸ ਲਈ ਸਾਡੇ ਵੱਲੋਂ ਜਨਤਾ ਦੀ ਭਲਾਈ ਲਈ ਯਤਨ ਕੀਤੇ ਜਾ ਰਹੇ ਹਨ।
ਟ੍ਰੈਫਿਕ ਇੰਚਾਰਜ ਹਕੀਕਤ ਸਿੰਘ ਨੇ ਕਿਹਾ ਕਿ ਨਾਲੇ ਦੇ ਨਾਲ-ਨਾਲ ਕਈ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਇਲਾਕਾ ਨਿਵਾਸੀਆਂ ਨੇ ਮੋਗਾ ਤੋਂ ਕੋਟਕਪੂਰਾ ਜਾਣ ਵਾਲੀ ਸੜਕ ਨੂੰ ਜਾਮ ਕਰ ਦਿੱਤਾ ਹੈ, ਜਿਸ ਕਾਰਨ ਅਸੀਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਨੂੰ ਵੱਖ-ਵੱਖ ਰੂਟਾਂ ਵਿੱਚ ਵੰਡ ਦਿੱਤਾ ਹੈ, ਇਸ ਵੇਲੇ ਸਥਿਤੀ ਕਾਬੂ ਹੇਠ ਹੈ ਅਤੇ ਅਸੀਂ ਮੌਕੇ ‘ਤੇ ਪਹੁੰਚ ਗਏ ਹਾਂ ਅਤੇ ਲੋਕਾਂ ਨਾਲ ਗੱਲ ਕਰਕੇ ਕੰਮ ਕੀਤਾ ਜਾ ਰਿਹਾ ਹੈ।