ਮੁੱਖ ਮੰਤਰੀ ਮਾਨ ਨੇ ਧੂਰੀ ਹਲਕੇ ਦੀਆਂ 75 ਪੰਚਾਇਤਾਂ ਨੂੰ ਵੰਡੇ ਚੈੱਕ; ਲੈਂਡ ਪੂਲਿੰਗ ਨੀਤੀ ਨੂੰ ਕਿਸਾਨਾਂ ਲਈ ਦੱਸਿਆ ਲਾਹੇਵੰਦਾ; ਕਿਹਾ, ਪਿੰਡਾਂ ਦੀ ਨੁਹਾਰ ਬਦਲਣ ਲਈ ਫੰਡਾਂ ਦੀ ਆਉਣ ਦੇਵਾਂਗੇ ਕਮੀ

0
2

ਮੁੱਖ ਮੰਤਰੀ ਭਗਵੰਤ ਮਾਨ ਅੱਜ ਵਿਧਾਨ ਸਭਾ ਹਲਕਾ ਧੂਰੀ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ 75 ਗ੍ਰਾਮ ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਤਕਰੀਬਨ 31 ਕਰੋੜ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਰੰਗਲਾ ਪੰਜਾਬ’ ਬਣਾਉਣ ਦੇ ਸੁਫ਼ਨੇ ਨੂੰ ਦੁਹਰਾਇਆ ਤੇ ਇਹ ਵੀ ਕਿਹਾ ਕਿ ਪਿੰਡਾਂ ਦੀ ਨੁਹਾਰ ਬਦਲਣ ਲਈ ਅਸੀਂ ਫੰਡ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ਦੇ ਸਾਰੇ ਪਿੰਡਾਂ ‘ਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਸਾਡੀ ਸ਼ਾਨ ਨੇ ਅਤੇ ਅਸੀਂ ਇਨ੍ਹਾਂ ਨੂੰ ਸ਼ਾਨਦਾਰ ਬਣਾਉਣ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਤਕ ਨਹਿਰੀ ਪਾਣੀ ਪਹੁੰਚਾਉਣ ਤੋਂ ਇਲਾਵਾ ਪੂਰੀ ਬਿਜਲੀ ਦਿੱਤੀ ਐ। ਟੋਲ ਪਲਾਜੇ ਬੰਦ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਐ। ਉਨ੍ਹਾਂ ਕਿਹਾ ਕਿ ਲੋਕਾਂ ਦੇ ਭਲੇ ਦੀ ਸੋਚ ਲੈ ਕੇ ਪਿੰਡਾਂ ਵਿਚ ਕੰਮ ਕਰ ਰਹੇ ਅਤੇ ਸਾਰੇ ਪਿੰਡਾਂ ਦਾ ਬਿਨਾਂ ਵਿਤਕਰਾਂ ਵਿਕਾਸ ਕਰਵਾਇਆ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਜਾਗਰੂਕ ਕਰਦਿਆਂ ਵਿਰੋਧੀਆਂ ਵੱਲੋਂ ਫ਼ੈਲਾਈਆਂ ਜਾ ਰਹੀਆਂ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਲੈਂਡ ਪੂਲਿੰਗ ਪਾਲਿਸੀ ਵਾਲੀ ਜਗ੍ਹਾ ਵਿਚ ਰਜਿਸਟਰੀਆਂ ‘ਤੇ ਕੋਈ ਪਾਬੰਦੀ ਨਹੀਂ ਹੈ, ਜ਼ਮੀਨਾਂ ਦੇ ਮਾਲਕ ਆਪਣੀ ਮਰਜ਼ੀ ਮੁਤਾਬਕ ਹਰ ਫ਼ੈਸਲਾ ਲੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋਕਾਂ ਦੇ ਮਨ ਵਿਚ ਕਿਸੇ ਕਿਸਮ ਦਾ ਵੀ ਕੋਈ ਸਵਾਲ ਹੈ ਤਾਂ ਉਹ ਸਿੱਧਾ ਸਰਕਾਰ ਨੂੰ ਲਿਖ ਕੇ ਭੇਜਣ, ਅਸੀਂ ਉਨ੍ਹਾਂ ਸਵਾਲਾਂ ਦਾ ਜਵਾਬ ਵੀ ਦੇਵਾਂਗੇ।
ਉਨ੍ਹਾਂ ਕਿਹਾ ਕਿ ਇਸ ਪਾਲਿਸੀ ਨਾਲ ਵਿਰੋਧੀਆਂ ਦਾ ਗੈਰ-ਕਾਨੂੰਨੀ ਕਾਲੋਨੀਆਂ ਦਾ ਧੰਦਾ ਬੰਦ ਹੋ ਜਾਵੇਗਾ, ਇਸ ਲਈ ਇਹ ਰੌਲ਼ਾ ਪਾ ਰਹੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਪਾਲਿਸੀ ਤਹਿਤ ਕਿਸੇ ਦੀ ਵੀ ਜ਼ਮੀਨ ਐਕੁਆਇਰ ਨਹੀਂ ਕੀਤੀ ਜਾਵੇਗੀ, ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਦੇ ਦਵੇ, ਨਹੀਂ ਦੇਣਾ ਚਾਹੁੰਦਾ ਤਾਂ ਨਾ ਦੇਵੇ। ਵਿਰੋਧੀਆਂ ਵੱਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਸ ਥਾਂ ਲੈਂਡ ਪੂਲਿੰਗ ਦੀ ਨੋਟੀਫ਼ਿਕੇਸ਼ਨ ਹੋ ਜਾਵੇਗੀ, ਉਸ ਜਗ੍ਹਾ ਰਜਿਸਟਰੀ ‘ਤੇ ਪਾਬੰਦੀ ਲੱਗ ਜਾਵੇਗੀ ਜੋ ਬਿਲਕੁੱਲ ਝੂਠ ਹੈ।
ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਲਈ ਸਹਿਮਤੀ ਦੇਣ ਤੋਂ ਬਾਅਦ ਜਦੋਂ ਤਕ ਸਰਕਾਰ ਵੱਲੋਂ ਕਾਲੋਨੀ ਡਿਵੈਲਪ ਨਹੀਂ ਕੀਤੀ ਜਾਂਦੀ, ਉਦੋਂ ਤਕ ਉਸ ਜ਼ਮੀਨ ‘ਤੇ ਤੁਸੀਂ ਖੇਤੀ ਵੀ ਜਾਰੀ ਰੱਖ ਸਕਦੇ ਹੋ। ਇਸ ਜ਼ਮੀਨ ਲਈ 50 ਹਜ਼ਾਰ ਰੁਪਏ ਠੇਕੇ ‘ਤੇ ਵੱਖਰੇ ਤੌਰ ‘ਤੇ ਦਿੱਤੇ ਜਾਣਗੇ, ਇਸ ਰਕਮ ਨੂੰ ਵੀ 70 ਹਜ਼ਾਰ ਰੁਪਏ ਵਧਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਮੀਨ ਦੇ ਮਾਲਕ ਨੂੰ ਕਿਸੇ ਵੀ ਤਰ੍ਹਾਂ ਦਾ ਘਾਟਾ ਨਹੀਂ ਪੈਣ ਦੇਵਾਂਗੇ।

LEAVE A REPLY

Please enter your comment!
Please enter your name here