ਜਲੰਧਰ ’ਚ ਸਕੂਲੀ ਬੱਸ ਹੇਠਾਂ ਆਉਣ ਕਾਰਨ 4 ਸਾਲਾ ਬੱਚੀ ਦੀ ਮੌਤ; ਸਕੂਲੀ ਬੱਸ ਤੋਂ ਉਤਰਣ ਦੌਰਾਨ ਟਾਇਰ ਹੇਠਾਂ ਆਉਣ ਕਾਰਨ ਗਈ ਜਾਨ

0
4

ਜਲੰਧਰ ’ਚ ਇਕ 4 ਸਾਲਾ ਬੱਚੀ ਦੀ ਸਕੂਲੀ ਬੱਸ ਹੇਠਾਂ ਆਉਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ।  ਘਟਨਾ ਜਲੰਧਰ ਦਿਹਾਤੀ ਦੇ ਆਦਮਪੁਰ ਵਿਖੇ ਸਥਿਤ ਐੱਸਡੀ ਪਬਲਿਕ ਸਕੂਲ ਦੀ ਐ। ਮ੍ਰਿਤਕਾ ਦੀ ਪਛਾਣ ਕੀਰਤ ਪੁੱਤਰੀ ਇੰਦਰਜੀਤ ਸਿੰਘ ਵਾਸੀ ਉਦੇਸੀਆਂ ਵਜੋਂ ਹੋਈ ਹੈ। ਕੀਰਤ ਯੂਕੇਜੀ ਜਮਾਤ ਦੀ ਵਿਦਿਆਰਥਣ ਸੀ। ਜਾਣਕਾਰੀ ਅਨੁਸਾਰ ਕੀਰਤ ਆਪਣੇ ਸਕੂਲ ਦੀ ਬੱਸ ਵਿਚੋਂ ਹੇਠਾਂ ਉਤਰਣ ਲੱਗੀ ਸੀ ਕਿ ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਬੱਸ ਹੇਠਾਂ ਆ ਗਈ। ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਥਾਣਾ ਆਦਮਪੁਰ ਦੀ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਘਟਨਾ ਦੀ ਸੂਚਨਾ ਮਿਲਦੇ ਹੀ ਆਦਮਪੁਰ ਥਾਣੇ ਦੀ ਪੁਲਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ, ਕੀਰਤ ਰੋਜ਼ਾਨਾ ਵਾਂਗ ਸਵੇਰੇ ਸਕੂਲ ਬੱਸ ਰਾਹੀਂ ਸਕੂਲ ਪਹੁੰਚੀ ਸੀ। ਜਦੋਂ ਬੱਸ ਸਕੂਲ ਦੇ ਗੇਟ ਕੋਲ ਰੁਕੀ ਤਾਂ ਲੜਕੀ ਨੂੰ ਬੱਸ ਤੋਂ ਉਤਾਰ ਦਿੱਤਾ ਗਿਆ। ਇਸ ਦੌਰਾਨ ਉਹ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਈ ਅਤੇ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ।
ਚਸ਼ਮਦੀਦਾਂ ਅਨੁਸਾਰ, ਲੜਕੀ ਦੇ ਉਤਰਨ ਤੋਂ ਬਾਅਦ ਡਰਾਈਵਰ ਨੇ ਗੱਡੀ ਅੱਗੇ ਤੋਰ ਲਈ  ਅਤੇ ਉਹ ਲੜਕੀ ਨੂੰ ਨਹੀਂ ਦੇਖ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਸਕੂਲ ਅਤੇ ਬੱਸ ਸਟਾਫ਼ ਦੀ ਲਾਪਰਵਾਹੀ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਦੌਰਾਨ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਵੱਲੋਂ ਜਲੰਧਰ-ਹੁਸ਼ਿਆਰਪੁਰ ਹਾਈਵੇਅ ਨੂੰ ਆਦਮਪੁਰ ਨੇੜੇ ਜਾਮ ਕਰ ਦਿੱਤਾ ਗਿਆ ਸੀ ਜਿਸ ਕਾਰਨ ਆਸ ਪਾਸ ਅਤੇ ਹਾਈਵੇਅ ‘ਤੇ ਭਾਰੀ ਜਾਮ ਲੱਗ ਗਿਆ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਿਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਨੂੰ ਸਮਝਾਉਣਾ ਸ਼ੁਰੂ ਕੀਤਾ। ਪੁਲਿਸ ਅਨੁਸਾਰ ਉਕਤ ਮਾਮਲੇ ਵਿੱਚ ਸਕੂਲ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਜਲਦੀ ਹੀ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਡਰਾਈਵਰ ਦਾ ਡਾਕਟਰੀ ਮੁਆਇਨਾ ਕੀਤਾ ਜਾਵੇਗਾ ਅਤੇ ਜੇਕਰ ਨਸ਼ੇ ਵਿੱਚ ਹੋਣ ਦੀ ਗੱਲ ਸਾਹਮਣੇ ਆਈ ਤਾਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here