ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟ ਫੌਜਾ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ। ਵਿਛੜੀ ਰੂਹ ਨੂੰ ਅੰਤਮ ਵਿਦਾਈ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਗੁਲਾਬ ਚੰਦ ਕਟਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਲੋਕ ਪਹੁੰਚੇ ਹੋਏ ਸਨ।
ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਨੇ ਵਿਛੜੇ ਦੌੜਾਕ ਨੂੰ ਗਾਰਡ ਆਫ ਆਨਰ ਦਿੱਤਾ। 114 ਸਾਲਾ ਫੌਜਾ ਸਿੰਘ ਨੂੰ ਅੰਤਮ ਵਿਦਾਈ ਦੇਣ ਪਹੁੰਚੀ ਹਰ ਅੱਖ ਨਮ ਦਿਖਾਈ ਦਿੱਤੀ। ਇਸ ਤੋਂ ਪਹਿਲਾਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫੌਜਾ ਸਿੰਘ ਦੇ ਪਿੰਡ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਰਾਜਪਾਲ ਨੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੰਸਕਾਰ ਮੌਕੇ ਪਹੁੰਚ ਕੇ ਫੌਜਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਵੱਡੀ ਗਿਣਤੀ ਪ੍ਰਸੰਸਕਾਂ ਤੋਂ ਇਲਾਵਾ ਪਰਿਵਾਰਕ ਮੈਂਬਰ, ਦੋਸਤ ਮਿੱਤਰ ਤੇ ਕਰੀਬੀ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਫੌਜਾ ਸਿੰਘ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ, ਜਿੱਥੇ ਵੱਡੀ ਗਿਣਤੀ ਲੋਕਾਂ ਨੇ ਉਨ੍ਹਾਂ ਦੇ ਅੰਤਮ ਦਰਸ਼ਨ ਕੀਤੇ ਅਤੇ ਸ਼ਰਧਾਜਲੀ ਭੇਟ ਕੀਤੀ। ਇਸ ਮੌਕੇ ਫੌਜਾ ਸਿੰਘ ਦਾ ਪਰਵਾਰ ਕਾਫੀ ਭਾਵੁਕ ਹੋਇਆ। ਉਨ੍ਹਾਂ ਦਾ ਪੁੱਤਰ ਬੀਤੇ ਦਿਨ ਹੀ ਪਿੰਡ ਬਿਆਸ ਪਹੁੰਚਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਹੋਰ ਕਈ ਨਜ਼ਦੀਕੀ ਵੀ ਵਿਦੇਸ਼ ਵਿਖੇ ਸਨ, ਜਿਨ੍ਹਾਂ ਦੇ ਪਹੁੰਚਣ ਤੋਂ ਬਾਅਦ ਫੌਜਾ ਸਿੰਘ ਦੇ ਪੰਜ ਭੂਤਕ ਸਰੀਰ ਨੂੰ ਅਗਨ ਭੇਂਟ ਕੀਤਾ ਗਿਆ।
ਮੁੱਖ ਮੰਤਰੀ ਮਾਨ ਨੇ ਫੌਜਾ ਸਿੰਘ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਖੇਡ ਭਾਈਚਾਰਾ ਹਮੇਸ਼ਾ ਸਵਰਗੀ ਫੌਜਾ ਸਿੰਘ ਦਾ ਰਿਣੀ ਰਹੇਗਾ, ਜਿਨ੍ਹਾਂ ਨੇ ਆਪਣੀ ਉਮਰ ਨੂੰ ਪਛਾੜ ਕੇ ਅੰਤਰਰਾਸ਼ਟਰੀ ਪੱਧਰ ‘ਤੇ ਅਥਲੈਟਿਕਸ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਵਿੱਚ ਵੱਡਾ ਯੋਗਦਾਨ ਪਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫੌਜਾ ਸਿੰਘ ਦੀ ਮੌਤ ਨੇ ਪੂਰੀ ਦੁਨੀਆ ਨੂੰ ਸੋਗ ਵਿੱਚ ਡੋਬ ਦਿੱਤਾ ਹੈ ਕਿਉਂਕਿ ਉਹ ਵਚਨਬੱਧਤਾ ਅਤੇ ਸਖ਼ਤ ਮਿਹਨਤ ਦੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਆਪਣੀਆਂ ਲੰਬੀ ਦੂਰੀ ਦੀਆਂ ਦੌੜਾਂ ਰਾਹੀਂ ਸਵਰਗੀ ਫੌਜਾ ਸਿੰਘ ਨੇ ਪੰਜਾਬ ਅਤੇ ਖਾਸ ਕਰਕੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਸਤਿਕਾਰ ਭੇਟ ਕਰਦਿਆਂ ਸੂਬਾ ਸਰਕਾਰ ਉਨ੍ਹਾਂ ਦੇ ਪਿੰਡ ਦੇ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ‘ਤੇ ਰੱਖੇਗੀ ਅਤੇ ਪਿੰਡ ਦੇ ਸਟੇਡੀਅਮ ਅਤੇ ਸਪੋਰਟਸ ਕਾਲਜ, ਜਲੰਧਰ ਵਿੱਚ ਉਨ੍ਹਾਂ ਦੇ ਬੁੱਤ ਲਗਾਏਗੀ। ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਭਗਵੰਤ ਸਿੰਘ ਮਾਨ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਵੱਡੇ ਘਾਟੇ ਨੂੰ ਸਹਿਣ ਕਰਨ ਦਾ ਬਲ ਬਖਸ਼ਣ ਅਤੇ ਵਿਛੜੀ ਆਤਮਾ ਨੂੰ ਸ਼ਾਂਤੀ ਦੇਣ।
ਦੱਸ ਦਈਏ ਕਿ ਬੀਤੀ 14 ਜੁਲਾਈ ਨੂੰ ਫੌਜਾ ਸਿੰਘ ਨੂੰ ਘਰ ਦੇ ਬਾਹਰ ਸੈਰ ਕਰਦੇ ਸਮੇਂ ਅਣਪਛਾਤਾ ਵਾਹਨ ਟੱਕਰ ਮਾਰ ਕੇ ਫਰਾਰ ਹੋ ਗਿਆ ਸੀ। ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਿਸ ਨੇ ਟੱਕਰ ਮਾਰ ਕੇ ਫਰਾਰ ਐਨਆਰਆਈ ਨੂੰ ਵੀ ਗ੍ਰਿਫਤਾਰ ਕਰ ਲਿਆ ਐ। 1 ਅਪਰੈਲ 1911 ਨੂੰ ਜਨਮੇ ਫੌਜਾ ਸਿੰਘ ਨੂੰ ਵਿਸ਼ਵ ਦੇ ਪਹਿਲੇ 100 ਸਾਲਾ ਦੌੜਾਕ ਹੋਣ ਦਾ ਮਾਣ ਹਾਸਲ ਸੀ। ਉਨ੍ਹਾਂ ਦੀ ਬਦੌਲਤ ਹੀ ਪੱਗ ਬੰਨ੍ਹ ਕੇ ਮੈਰਾਥਾਨ ਦੌੜਣ ਦੀ ਇਜਾਜ਼ਤ ਮਿਲੀ ਸੀ। ਉਨ੍ਹਾਂ ਨੇ ਆਪਣੇ ਦੌੜਣ ਦੇ ਸ਼ੌਕ ਸਦਕਾ ਦੁਨੀਆਂ ਭਰ ਅੰਦਰ ਨਾਮਨਾ ਖੱਟਿਆ ਅਤੇ ਬਹੁਤ ਸਾਰਾ ਮਾਨ-ਸਨਮਾਨ ਹਾਸਲ ਕੀਤਾ।