ਅੰਮ੍ਰਿਤਸਰ ਬਾਲ ਵਿਕਾਸ ਵਿਭਾਗ ਦੀ ਟੀਮ ਨੇ ਅੱਜ ਸ੍ਰੀ ਦਰਬਾਰ ਸਾਹਿਬ ਨੇੜਲੀਆਂ ਥਾਵਾਂ ਤੇ ਰੇਡ ਕਰ ਕੇ ਇੱਥੇ ਰਹਿ ਰਹੇ ਭਿਖਾਰੀਆਂ ਦੀ ਜਾਂਚ ਕੀਤੀ। ਵਿਭਾਗ ਦੀ ਟੀਮ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ, ਲੰਗਰ ਘਰ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅਤੇ ਗਲਿਆਰੇ ਵਿਚ ਰਹਿ ਰਹੇ ਭਿਖਾਰੀਆਂ ਨੂੰ ਕਾਬੂ ਕੀਤਾ। ਇਨ੍ਹਾਂ ਵਿਚ ਛੋਟੇ ਛੋਟੇ ਬੱਚੇ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਪ੍ਰਸ਼ਾਸਨ ਦੀ ਟੀਮ ਆਪਣੇ ਨਾਲ ਲੈ ਗਈ ਐ।
ਮੌਕੇ ਮੌਜੂਦ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਦਾ ਸਰਕਾਰ ਦੀ ਜੀਵਨ ਜੋਤ ਮੁਹਿੰਮ ਤਹਿਤ ਟੀਐਨਏ ਟੈਸਟ ਕਰਵਾਇਆ ਜਾਵੇਗਾ ਤਾਂ ਜੋ ਇਨ੍ਹਾਂ ਦੇ ਮਾਪਿਆਂ ਦੀ ਪਛਾਣ ਹੋ ਸਕੇ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਵੀ ਬਾਲ ਵਿਕਾਸ ਵਿਭਾਗ ਦੀ ਟੀਮ ਦਾ ਸਹਿਯੋਗ ਦਿੱਤਾ ਅਤੇ ਦਰਬਾਰ ਸਾਹਿਬ ਕੰਪਲੈਕਸ ਨੇੜੇ ਕਾਫੀ ਸਮੇਂ ਤੋਂ ਡੇਰਾ ਜਮਾਈ ਬੈਠੇ ਭਿਖਾਰੀਆਂ ਨੂੰ ਪ੍ਰਸ਼ਾਸਨ ਦੀਆਂ ਟੀਮਾਂ ਹਵਾਲੇ ਕੀਤਾ।
ਇਸ ਤੋਂ ਬਾਅਦ ਇਨ੍ਹਾਂ ਭਿਖਾਰੀਆਂ ਨੂੰ ਬੱਸਾਂ ਵਿਚ ਬਿਠਾ ਡੀਸੀ ਦਫਤਰ ਲਿਜਾਇਆ ਗਿਆ, ਜਿੱਥੇ ਇਨ੍ਹਾਂ ਦੇ ਪਛਾਣ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਨਾਲ ਮੌਜੂਦ ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ ਤਾਂ ਜੋ ਇਨ੍ਹਾਂ ਦੇ ਮਾਪਿਆਂ ਦੀ ਪਛਾਣ ਕੀਤੀ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਭਿਖਾਰੀਆਂ ਨੂੰ ਇੱਕ ਇੱਕ ਵਾਰਨਿੰਗ ਦੇ ਕੇ ਛੱਡ ਦਿੱਤਾ ਜਾਵੇਗਾ ਪਰ ਜੇਕਰ ਦੁਬਾਰਾ ਭੀਖ ਮੰਗਦੇ ਫੜੇ ਗਏ ਤਾਂ ਫਿਰ ਐਫਆਈਆਰ ਦਰਜ ਕੀਤੀ ਜਾਵੇਗੀ।
ਦੱਸਣਯੋਗ ਐ ਕਿ ਪੰਜਾਬ ਸਰਕਾਰ ਨੇ ਸੜਕਾਂ ਤੇ ਭੀਖ ਮੰਗਣ ਵਾਲੇ ਛੋਟੇ ਛੋਟੇ ਬੱਚਿਆਂ ਦੀ ਤਸਕਰੀ ਅਤੇ ਸੋਸ਼ਣ ਰੋਕਣ ਲਈ ਆਪਰੇਸ਼ਨ ਜੀਵਨ ਜੋਤ ਸ਼ੁਰੂ ਕੀਤਾ ਗਿਆ ਐ, ਜਿਸ ਦੇ ਤਹਿਤ ਪੰਜਾਬ ਭਰ ਅੰਦਰ ਭਿਖਾਰੀਆਂ ਦੀ ਫੜੋ-ਫੜੀ ਕੀਤੀ ਜਾ ਰਹੀ ਐ। ਇਸੇ ਤਹਿਤ ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਐ। ਉਧਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪ੍ਰਸ਼ਾਸਨ ਦੇ ਕਦਮ ਦੀ ਸ਼ਲਾਘਾ ਕੀਤੀ ਐ। ਅਧਿਕਾਰੀਆਂ ਨੇ ਕਿਹਾ ਕਿ ਇੱਥੇ ਕਾਫੀ ਸਮੇਂ ਤੋਂ ਭਿਖਾਰੀ ਡੇਰਾ ਜਮਾਈ ਬੈਠੇ ਸੀ, ਜਿਨ੍ਹਾਂ ਕੋਲ ਕੋਈ ਆਈਡੀ ਨਹੀਂ ਸੀ। ਉਨ੍ਹਾਂ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਦੀ ਪਛਾਣ ਲਈ ਸਮੇਂ ਸਮੇਂ ਅਜਿਹੀ ਕਾਰਵਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਸੰਗਤ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।