ਨਾਭਾ ਦੇ ਓਵਰਬਰਿਜ ਤੇ ਮੋਟਰ ਸਾਇਕਲਾਂ ਵਿਚਾਲੇ ਭਿਆਨਕ ਟੱਕਰ; 70 ਫੁੱਟ ਹੇਠਾਂ ਡਿੱਗਿਆ ਨੌਜਵਾਨ, ਮਹਿਲਾ ਸਮੇਤ 4 ਗੰਭੀਰ ਜ਼ਖ਼ਮੀ

0
19

 

ਨਾਭਾ ਦੇ ਭਵਾਨੀਗੜ੍ਹ ਓਵਰ ਬਰਿਜ ਤੇ ਅੱਜ ਤੜਕਸਾਰ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਥੋਂ ਲੰਘ ਰਹੇ ਦੋ ਮੋਟਰ ਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਮੋਟਰ ਸਾਈਕਲ ਸਵਾਰ ਪੁਲ ਤੋਂ 70 ਫੁੱਟ ਹੇਠਾਂ ਡਿੱਗ ਗਿਆ ਜਦਕਿ ਉਸ ਦਾ ਦੂਜਾ ਸਾਥੀ ਵੀ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਿਆ। ਇਸੇ ਦੌਰਾਨ ਦੂਜੇ ਮੋਟਰ ਸਾਈਕਲ ਤੇ ਸਵਾਰ ਮਾਂ-ਪੁੱਤਰ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ। ਹਾਦਸੇ ਵਿਚ ਜ਼ਖਮੀ ਹੋਏ ਦੋ ਨੌਜਵਾਨਾਂ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ ਐ ਜਦਕਿ ਮਾਂ-ਪੁੱਤਰ ਦਾ ਇਲਾਜ ਨਾਭਾ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਉਧਰ ਮੌਕੇ ਤੇ ਇਕੱਠਾ ਹੋਏ ਰਾਹਗੀਰਾਂ ਨੇ ਪੁਲ ਦੇ ਆਲੇ ਦੁਆਲੇ ਜਾਲ ਲਗਾਉਣ ਦੀ ਮੰਗ ਕੀਤੀ ਐ। ਮੌਕੇ ਤੇ 108 ਐਂਬੂਲੈਂਸ ਸਮੇਂ ਸਿਰ ਪਹੁੰਚਣ ਕਾਰਨ ਵੀ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਐ। 108 ਐਬੂਲੈਂਸ ਈਐਮਟੀ ਨੇ ਕਿਹਾ ਕਿ 108 ਐਂਬਲੈਂਸ ਦਾ ਜੀਪੀਐਸ ਖਰਾਬ ਐ ਜਿਸ ਕਰਕੇ ਅਸੀਂ ਐਮਰਜੈਂਸੀ ਨਹੀਂ ਲਿਜਾ ਸਕਦੇ।
ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ 2 ਨੌਜਵਾਨ ਜੋ ਫੈਕਟਰੀ ਦੇ ਵਿੱਚ ਰਾਤ ਦੀ ਡਿਊਟੀ ਕਰਨ ਉਪਰੰਤ ਵਾਪਸ ਆਪਣੇ ਪਿੰਡ ਪਾਲੀਆ ਵਿਖੇ ਜਾ ਰਹੇ ਸਨ। ਇਹਨਾਂ ਵਿੱਚੋਂ ਇੱਕ ਨੌਜਵਾਨ ਪੁਲ ਦੇ ਤਕਰੀਬਨ 70 ਫੁੱਟ ਉੱਤੋਂ ਹੇਠਾਂ ਡਿੱਗ ਪਿਆ ਅਤੇ ਉਸਦਾ ਨਾਲ ਦਾ ਸਾਥੀ ਵੀ ਗੰਭੀਰ ਰੂਪ ਦੇ ਵਿੱਚ ਫੱਟੜ ਹੋ ਗਿਆ ਅਤੇ ਦੂਸਰਾ  ਮੋਟਰਸਾਈਕਲ ਸਵਾਰ ਮਾਂ ਪੁੱਤ ਵੀ ਇਸ ਹਾਦਸੇ ਦੇ ਦੌਰਾਨ ਗੰਭੀਰ ਫੱਟੜ ਹੋ ਗਏ। ਇਹਨਾਂ ਨੂੰ 108 ਐਮਬੂਲੈਂਸ ਦੀ ਮਦਦ ਨਾ ਮਿਲਣ ਦੇ ਚੱਲਦਿਆਂ ਨੌਜਵਾਨਾਂ ਨੂੰ ਰਾਹਗੀਰਾਂ  ਨੇ ਹਸਪਤਾਲ ਪਹੁੰਚਾਇਆ। ਰੈਫਰ ਕੀਤੇ ਨੌਜਵਾਨ ਦੇ ਦੋਸਤ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਅਸੀਂ ਤੁਰੰਤ ਹੀ 108 ਐਮਬੂਲੈਂਸ ਨੂੰ ਫੋਨ ਕੀਤਾ ਪਰ ਕਿਸੇ ਨੇ ਸਾਡਾ ਫੋਨ ਨਹੀਂ ਚੱਕਿਆ।
ਨਾਭਾ ਹਸਪਤਾਲ ਦੇ ਵਿੱਚ ਦੋ ਐਂਬੂਲੈਂਸਾਂ ਖੜੀਆਂ ਹਨ ਪਰ ਇਸ ਦਾ ਕੀ ਫਾਇਦਾ ਜਦੋਂ ਮੌਕੇ ਤੇ ਮਦਦ ਹੀ ਨਹੀਂ ਹੋਈ। ਫੱਟੜ ਨੌਜਵਾਨ ਮਨੀ ਨੇ ਕਿਹਾ ਕਿ ਮੈਂ ਆਪਣੀ ਮਾਤਾ ਨੂੰ ਫੋਕਲ ਪੁਆਇੰਟ ਵਿਖੇ ਕੰਮ ਤੇ ਛੱਡਣ ਦੇ ਲਈ ਜਾ ਰਿਹਾ ਸੀ ਤਾਂ ਹਾਦਸੇ ਦੌਰਾਨ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਮੈਨੂੰ ਨਹੀਂ ਪਤਾ ਇਹ ਹਾਦਸਾ ਕਿਵੇਂ ਵਾਪਰਿਆ।  ਪ੍ਰਤੱਖਦਰਸ਼ੀ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਇੱਕ ਨੌਜਵਾਨ ਤਾਂ ਪੁਲ ਦੇ ਹੇਠਾ ਗਿਰ ਗਿਆ ਤੇ ਨਾਲ ਦਾ ਉਸਦਾ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਇਹ ਹਾਦਸਾ ਬਹੁਤ ਹੀ ਭਿਆਨਕ ਸੀ।
ਮੌਕੇ ਤੇ ਕੋਈ ਵੀ ਐਂਬੂਲੈਂਸ ਨਹੀਂ ਪਹੁੰਚੀ ਅਸੀਂ ਤਾਂ ਇਹੋ ਮੰਗ ਕਰਦੇ ਆ ਕਿ ਪੁੱਲ ਦੇ ਆਲੇ ਦੁਆਲੇ ਲੋਹੇ ਦੀਆਂ ਜਾਲੀਆਂ ਲਗਾਈਆਂ ਜਾਣ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦਾ ਹਾਦਸਾ ਨਾ ਵਾਪਰੇ।  ਨਾਭਾ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸੜਕੀ ਹਾਦਸੇ ਦੇ ਦੌਰਾਨ ਸਾਡੇ ਕੋਲ ਕੁੱਲ ਚਾਰ ਵਿਅਕਤੀ ਆਏ ਹਨ ਜਿਨਾਂ ਦੇ ਵਿੱਚੋਂ ਦੋ ਦੀ ਹਾਲਤ ਨਾਜੁਕ ਸਥਿਤੀ ਦੇ ਚੱਲਦਿਆਂ ਦੋ ਨੂੰ ਰੈਫਰ ਕਰ ਦਿੱਤਾ ਗਿਆ ਤੇ ਦੋ ਨਾਭਾ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹਨ।
ਨਾਭਾ ਤੋਂ 20 ਕਿਲੋਮੀਟਰ ਚੰਨੋ ਤੋਂ ਆਏ 108 ਐਂਬੂਲੈਂਸ ਦੇ ਈਐਮਟੀ (ਐਮਰਜੰਸੀ ਮੈਡੀਕਲ ਟੈਕਨੀਸ਼ੀਅਨ) ਸੁਖਬੀਰ ਸਿੰਘ ਨੇ ਦੱਸਿਆ ਕਿ ਮੈਨੂੰ ਜਦੋਂ ਕਾਲ ਆਈ ਮੈਂ ਚੰਨੋ ਤੋਂ ਆਇਆ ਹਾਂ ਅਤੇ ਨਾਭਾ ਵਾਲੀ 108 ਐਬੂਲੈਂਸ ਬਾਰੇ ਮੈਨੂੰ ਨਹੀਂ ਪਤਾ। ਨਾਭਾ ਦੇ ਈਐਮਟੀ (ਐਮਰਜੰਸੀ ਮੈਡੀਕਲ ਟੈਕਨੀਸ਼ੀਅਨ) ਜਗਤਾਰ ਸਿੰਘ ਨੇ ਕਿਹਾ ਕਿ 108 ਐਬੂਲੈਂਸ ਦਾ ਜੀਪੀਐਸ ਖਰਾਬ ਹੋਣ ਦੇ ਕਾਰਨ ਸਾਨੂੰ ਐਮਰਜਂਸੀ ਕਾਲ ਨਹੀਂ ਆਉਂਦੀ। ਨਾਭਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਦੇ ਵਿੱਚ ਕੁੱਲ ਚਾਰ ਵਿਅਕਤੀ ਫੱਟੜ ਹੋਏ ਹਨ। ਜਿਨਾਂ ਦੇ ਵਿੱਚੋਂ 2 ਨੂੰ ਰੈਫਰ ਕਰ ਦਿੱਤਾ ਗਿਆ ਅਤੇ 2 ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਹਨ। ਇਹ ਭਿਅੰਕਰ ਹਾਦਸਾ ਕਿਵੇਂ ਵਾਪਰਿਆ ਅਸੀਂ ਇਸ ਸਬੰਧੀ ਪਤਾ ਲਗਾ ਰਹੇ ਹਾਂ।

LEAVE A REPLY

Please enter your comment!
Please enter your name here