ਪੰਜਾਬ ਆਨੰਦਪੁਰ ਸਾਹਿਬ ਨੇੜੇ ਗਾਵਾਂ ਨਾਲ ਭਰਿਆ ਟਰੱਕ ਕਾਬੂ; ਗਊ ਰੱਖਿਆ ਦਲ ਨੇ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ; ਗੁਰਦਾਸਪੁਰ ਤੋਂ ਜੰਮੂ-ਕਸ਼ਮੀਰ ਲਿਜਾਈਆਂ ਜਾ ਰਹੀਆਂ ਸੀ ਗਾਵਾਂ By admin - July 18, 2025 0 3 Facebook Twitter Pinterest WhatsApp ਗਊ ਰੱਖਿਆ ਦਲ ਨੇ ਸ੍ਰੀ ਆਨੰਦਪੁਰ ਸਾਹਿਬ ਨੇੜਿਓਂ ਗਾਵਾਂ ਦਾ ਭਰਿਆ ਟਰੱਕ ਕਾਬੂ ਕੀਤਾ ਐ। ਟਰੱਕ ਵਿਚ ਦਰਜਨ ਦੇ ਕਰੀਬ ਗਾਵਾਂ ਸੀ, ਜਿਨ੍ਹਾਂ ਨੂੰ ਗੁਰਦਾਸਪੁਰ ਤੋਂ ਜੰਮੂ ਕਸ਼ਮੀਰ ਲਿਜਾਇਆ ਜਾ ਰਿਹਾ ਸੀ। ਗਊ ਰੱਖਿਆ ਦਲ ਦੇ ਮੈਂਬਰਾਂ ਨੇ ਟਰੱਕ ਨੂੰ ਪਿੰਡ ਮਾਗੇਵਾਲ ਨੇੜੇ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ ਵਿਚੋਂ 12 ਗਊਆਂ ਬਰਾਮਦ ਹੋਈਆਂ। ਗਊ ਰੱਖਿਆ ਦਲ ਦੇ ਆਗੂਆਂ ਦਾ ਕਹਿਣਾ ਐ ਕਿ ਇਨ੍ਹਾਂ ਗਊਆਂ ਨੂੰ ਬੁੱਚੜਖਾਨੇ ਵਿਚ ਕੱਟਿਆ ਜਾਣਾ ਸੀ। ਗਊ ਰੱਖਿਆ ਦਲ ਦੇ ਮੈਂਬਰਾਂ ਨੇ ਟਰੱਕ ਨੂੰ ਪੁਲਿਸ ਹਵਾਲੇ ਕਰ ਕੇ ਕਾਰਵਾਈ ਦੀ ਮੰਗ ਕੀਤੀ ਐ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਊ ਰਕਸ਼ਾ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਗਊਆਂ ਨਾਲ ਭਰਿਆ ਇਹ ਟਰੱਕ ਗੁਰਦਾਸਪੁਰ ਤੋਂ ਸ੍ਰੀ ਆਨੰਦਪੁਰ ਸਾਹਿਬ ਰਾਹੀਂ ਜੰਮੂ-ਕਸ਼ਮੀਰ ਲਿਜਾਇਆ ਜਾਣਾ ਸੀ, ਜਿੱਥੇ ਇਨ੍ਹਾਂ ਨੂੰ ਬੁੱਚੜਖਾਨੇ ਵਿੱਚ ਕੱਟਿਆ ਜਾਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗਊ ਤਸਕਰੀ ਵੱਡੇ ਪੱਧਰ ‘ਤੇ ਚੱਲ ਰਹੀ ਹੈ। ਗਊ ਤਸਕਰ ਖਾਸ ਤੌਰ ‘ਤੇ ਮਾਝਾ ਖੇਤਰ ਵਿੱਚ ਸਰਗਰਮ ਹਨ ਅਤੇ ਪਹਿਲਾਂ ਗਊਆਂ ਨੂੰ ਗੁਰਦਾਸਪੁਰ ਤੋਂ ਪਠਾਨਕੋਟ ਰਾਹੀਂ ਜੰਮੂ-ਕਸ਼ਮੀਰ ਭੇਜਿਆ ਜਾਂਦਾ ਸੀ, ਪਰ ਅਮਰਨਾਥ ਯਾਤਰਾ ਕਾਰਨ ਇਸ ਸਮੇਂ ਤਸਕਰ ਇਸ ਰਸਤੇ ਦੀ ਵਰਤੋਂ ਨਹੀਂ ਕਰ ਰਹੇ ਹਨ ਅਤੇ ਇਹ ਤਸਕਰ ਹੁਣ ਹਿਮਾਚਲ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਤੋਂ ਜੰਮੂ-ਕਸ਼ਮੀਰ ਵਿੱਚ ਗਊਆਂ ਭੇਜ ਰਹੇ ਹਨ। ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਗਊ ਤਸਕਰੀ ਵੱਡੇ ਪੱਧਰ ‘ਤੇ ਵਧੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿੱਥੇ ਪੰਜਾਬ ਸਰਕਾਰ ਬੇਅਦਬੀ ਵਿਰੁੱਧ ਕਾਨੂੰਨ ਬਣਾ ਰਹੀ ਹੈ, ਉੱਥੇ ਗਊ ਰੱਖਿਆ ਲਈ ਵੀ ਇੱਕ ਵੱਡਾ ਕਾਨੂੰਨ ਬਣਾਇਆ ਜਾਵੇ ਕਿਉਂਕਿ ਪੂਰੇ ਦੇਸ਼ ਦਾ ਹਿੰਦੂ ਸਮਾਜ ਗਊ ਨੂੰ ਮਾਤਾ ਵਜੋਂ ਪੂਜਦਾ ਹੈ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਐਸਆਈ ਧਰਮਪਾਲ ਨੇ ਕਿਹਾ ਕਿ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਐ। ਟਰੱਕ ਡਰਾਈਵਰ ਅਤੇ ਉਸਦੇ ਸਾਥੀ ਮੌਕੇ ਤੋਂ ਭੱਜ ਗਏ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਹਿ ਤੱਕ ਪਹੁੰਚ ਕੇ ਅਸਲ ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਜਲਦੀ ਹੀ ਸਲਾਖਾਂ ਪਿੱਛੇ ਭੇਜਿਆ ਜਾਵੇਗਾ।