ਪੰਜਾਬ ਕਪੂਰਥਲਾ ਰੇਲ ਕੋਚ ਫੈਕਟਰੀ ਵਿਖੇ ਆਰਸੀਐਫ ਯੂਨੀਅਨ ਦਾ ਇਜਲਾਸ; ਮਜ਼ਦੂਰ ਤੇ ਕਰਮਚਾਰੀ ਵਿਰੋਧੀ ਕੀਰਤ ਕਾਨੂੰਨ ਰੱਦ ਕਰਨ ਦੀ ਮੰਗ By admin - July 17, 2025 0 18 Facebook Twitter Pinterest WhatsApp ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਆਰਸੀਐਫ ਇੰਪਲਾਈਜ਼ ਯੂਨੀਅਨ ਦਾ ਪੰਜਵਾਂ ਇਜਲਾਸ ਕਰਵਾਇਆ ਗਿਆ। ਇੱਥੇ ਵਾਰਿਸ਼ ਸ਼ਾਹ ਹਾਲ ਵਿਖੇ ਹੋਏ ਇਜਲਾਸ ਵਿਚ ਦੇਸ਼ ਭਰ ਵਿਚੋਂ ਆਰਸੀਐਫ ਯੂਨੀਅਨ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਭਾਰਤੀ ਰੇਲਵੇ ਨੂੰ ਨਿੱਜੀ ਹੱਥਾਂ ਵਿਚ ਦੇਣ ਦੀਆਂ ਕੋਸ਼ਿਸ਼ਾਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਰੇਲਵੇ ਵਿਚ ਠੇਕੇਦਾਰੀ ਸਿਸਟਮ ਖਤਮ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਰੇਲਵੇ ਵਿਚ ਠੇਕੇਦਾਰੀ ਤੇ ਆਊਟਸੋਰਸਿੰਗ ਸਿਸਟਮ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਐ, ਜੋ ਰੇਲ ਕਰਮਚਾਰੀਆਂ ਨਾਲ ਵੱਡਾ ਧੱਕਾ ਐ। ਉਨ੍ਹਾਂ ਸਰਕਾਰ ਤੋਂ ਰੇਲਵੇ ਦੇ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਰੇਲਵੇ ਕਰਮਚਾਰੀਆਂ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਅਤੇ ਉਨ੍ਹਾਂ ਦੇ ਹਲ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਜਲਾਸ ਵਿਚ ਮੁੱਖ ਮਹਿਮਾਨ ਵਜੋਂ ਇੰਡੀਅਨ ਰੇਲਵੇ ਇਮਪਲਾਈਜ ਫੈਡਰੇਸ਼ਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਅਖਿਲੇਸ਼ ਪਾਂਡੇ, ਰਾਸ਼ਟਰੀ ਸੰਗਠਨ ਸਕੱਤਰ ਕਾਮਰੇਡ ਜੁਮਰੇਦੀਨ, ਰਾਸ਼ਟਰੀ ਸਹਾਇਕ ਸਕੱਤਰ ਕਾਮਰੇਡ ਕ੍ਰਿਸ਼ਨ ਕੁਮਾਰ ਅਤੇ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਰਾਸ਼ਟਰੀ ਜਨਰਲ ਸਕੱਤਰ ਕਾਮਰੇਡ ਰਾਜਵੀਰ ਡਿਮਰੀ ਸਮੇਤ ਕਈ ਹੋਰ ਅਹੁਦੇਦਾਰ ਸਾਥੀ ਵੀ ਸ਼ਾਮਿਲ ਹੋਏ। ਇਸ ਮੌਕੇ ਆਪਣੇ ਸੰਬੋਧਨ ਵਿਚ ਅਖਲੇਸ਼ ਪਾਂਡੇ ਨੇ ਦੱਸਿਆ ਕਿ ਰੇਲਵੇ ਦੇਸ਼ ਦੀ ਰੀਡ ਹੱਡੀ ਹੈ ਅਤੇ ਇਸ ਦੇ ਕਰਮਚਾਰੀ ਦੇਸ਼ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਰਹਿੰਦੇ ਹਨ ਪਰ ਬਦਕਿਸਮਤੀ ਨਾਲ ਰੇਲਵੇ ਵਿੱਚ ਨਿੱਜੀਕਰਨ ਅਤੇ ਠੇਕੇਦਾਰੀ ਦੀ ਪ੍ਰਵਿਰਤੀ ਸਾਡੇ ਕਰਮਚਾਰੀਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾ ਰਹੀ ਹੈ। ਇਹਨਾਂ ਨੀਤੀਆਂ ਦਾ ਜੋਰਦਾਰ ਵਿਰੋਧ ਕਰਦੇ ਹਾਂ ਅਤੇ ਆਪਣੇ ਮੈਂਬਰਾਂ ਤੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹਾਂ। ਸਾਨੂੰ ਰੇਲਵੇ ਅਤੇ ਇਸ ਦੇ ਕਰਮਚਾਰੀਆਂ ਦਾ ਭਵਿੱਖ ਸੁਰੱਖਿਤ ਰੱਖਣ ਲਈ ਇਹਨਾਂ ਚੁਣੌਤੀਆਂ ਦਾ ਇੱਕਜੁੱਟ ਹੋ ਕੇ ਸਾਹਮਣਾ ਕਰਨਾ ਪਵੇਗਾ। ਅੱਜ ਦੇ ਇਸ ਇਜਲਾਸ ਵਿੱਚ ਕਰਮਚਾਰੀਆਂ ਦੀ ਵੱਡੀ ਸ਼ਮੂਲੀਅਤ ਦਰਸਾਉਂਦੀ ਹੈ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਕਿੰਨੇ ਸੁਚੇਤ ਹਨ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦਾ ਏਕਾ ਹੀ ਸਾਡੀ ਅਸਲੀ ਤਾਕਤ ਹੈ ਅਤੇ ਸਾਨੂੰ ਇਕੱਠੇ ਹੋ ਕੇ ਰੇਲਵੇ ਕਰਮਚਾਰੀ ਦੇ ਸ਼ੋਸ਼ਣ ਦੇ ਖਿਲਾਫ ਆਵਾਜ਼ ਉਠਾਉਣੀ ਪਵੇਗੀ।