ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਨੌਜਵਾਨ ‘ਤੇ ਹਮਲਾ; ਸਾਲੇ ਨੇ ਸਾਥੀਆਂ ਸਮੇਤ ਘੇਰ ਕੇ ਕੀਤੀ ਕੁੱਟਮਾਰ

0
3

ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਇੱਕ ਨੌਜਵਾਨ ‘ਤੇ ਉਸਦੇ ਹੀ ਸਾਲੇ ਵੱਲੋਂ ਸਾਥੀਆਂ ਨਾਲ ਮਿਲ ਕੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੀ ਵਜ੍ਹਾ ਕਾਰੋਬਾਰੀ ਝਗੜੇ ਦੀ ਰੰਜ਼ਿਸ਼ ਦੱਸਿਆ ਜਾ ਰਿਹਾ ਐ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਐ। ਪੀੜਤ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਐ। ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਸਾਲੇ ਨਾਲ ਮਿਲ ਕੇ ਸਾਂਝਾ ਕਾਰੋਬਾਰ ਸ਼ੁਰੂ ਕੀਤਾ ਸੀ ਜਿਸ ਵਿਚੋਂ ਉਹ ਬਾਅਦ ਵਿਚ ਵੱਖ ਹੋ ਗਏ ਸਨ। ਇਸੇ ਰੰਜ਼ਿਸ਼ ਤਹਿਤ ਉਸ ਦੇ ਸਾਲੇ ਨੇ ਸਾਥੀਆਂ ਨਾਲ ਮਿਲ ਕੇ ਜਾਨਲੇਵਾ ਹਮਲਾ ਕੀਤਾ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਪੀੜਤ ਨੌਜਵਾਨ ਗੁਰਮੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਸਦਾ ਅਤੇ ਉਸਦੇ ਸਾਲੇ ਨੇ ਇਕੱਠਾ ਕੰਮ ਸ਼ੁਰੂ ਕੀਤਾ ਸੀ, ਜਿਸ ਵਿਚੋਂ ਉਹ ਵੱਖ-ਵੱਖ ਹੋ ਗਏ ਸਨ। ਗੁਰਮੀਤ ਦੇ ਅਨੁਸਾਰ ਉਹ ਕੰਮ ਵਿਚ ਕੁੱਝ ਜ਼ਿਆਦਾ ਤਰੱਕੀ ਕਰ ਗਿਆ ਸੀ, ਜਿਸ ਕਾਰਨ  ਉਸ ਦਾ ਸਾਲਾ ਰੰਜ਼ਿਸ਼ ਰੱਖਣ ਲੱਗਾ ਸੀ, ਜਿਸ ਦੇ ਤਹਿਤ ਉਸ ਦੇ ਸਾਲੇ ਨੇ ਉਸ ਨੂੰ ਜਿੰਮ ਜਾਂਦਿਆਂ ਰਸਤੇ ਵਿਚ ਘੇਰ ਕੇ 10-12 ਅਣਪਛਾਤੇ ਵਿਅਕਤੀਆਂ ਸਮੇਤ ਫੁੱਟਪਾਥ ‘ਤੇ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਵੀ ਮੌਜੂਦ ਐ। ਉਸ ਨੇ ਕਿਹਾ ਕਿ ਹਮਲਾਵਰ ਉਸ ਦੀ 40 ਗਰਾਮ ਦੀ ਚੈਨੀ ਵੀ ਖੋਹ ਕੇ ਲੈ ਗਏ। ਉਸ ਨੇ ਕਿਹਾ ਕਿ ਉਸ ਨੂੰ ਐਨੀ ਬੂਰੀ ਤਰ੍ਹਾਂ ਕੁੱਟਿਆ ਗਿਆ ਕਿ ਇਕ ਲਾਠੀ ਵੀ ਟੁੱਟ ਗਈ ਸੀ।
ਗੁਰਮੀਤ ਸਿੰਘ ਨੇ ਦੱਸਿਆ ਕਿ ਹਮਲੇ ਦੌਰਾਨ ਉਸਦੇ ਸਾਲੇ ਦਾ ਪੁੱਤ ਆਪਣੇ ਸਾਥੀਆਂ ਨੂੰ ਕਹਿ ਰਿਹਾ ਸੀ ਕਿ “ਇਹਨੂੰ ਚੁੱਕੋ, ਗੱਡੀ ‘ਚ ਸੁੱਟੀਏ, ਨਹਿਰ ‘ਚ ਸੁੱਟ ਦੇਣਾ ਐ।” ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰਮੀਤ ਸਿੰਘ ਵੱਲੋਂ ਦਰਖਾਸਤ ਮਿਲੀ ਹੈ ਜਿਸ ‘ਤੇ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਗੱਲ ਸਾਹਮਣੇ ਆਈ ਹੈ ਅਤੇ ਬਿਆਨ ਦਰਜ ਕਰਕੇ ਅਗਲੇ ਕਾਨੂੰਨੀ ਕਦਮ ਚੁੱਕੇ ਜਾ ਰਹੇ ਹਨ।

LEAVE A REPLY

Please enter your comment!
Please enter your name here