ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅੰਮ੍ਰਿਤਸਰ ਸਥਿਤ ਕੋਠੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਭ-ਸੰਭਾਲ ਦੀ ਮਰਿਆਦਾ ਭੰਗ ਹੋਣ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਕੋਠੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ, ਜਿੱਥੇ ਸਰੂਪ ਦੀ ਸਾਂਭ-ਸੰਭਾਲ ਲਈ ਜ਼ਰੂਰੀ ਮਰਿਆਦਾਵਾਂ ਦੀ ਪਾਲਣਾ ਨਹੀਂ ਸੀ ਹੋ ਰਹੀ। ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਗੁਰੂ ਸਾਹਿਬ ਦੇ ਸਰੂਪ ਨੂੰ ਮਰਿਆਦਾ ਮੁਤਾਬਕ ਚੁੱਕ ਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪਹੁੰਚਾ ਦਿੱਤਾ ਐ। ਖਬਰਾਂ ਮੁਤਾਬਕ ਮਹਾਰਾਜ ਦੇ ਪ੍ਰਕਾਸ਼ ਵਾਲੀ ਕੋਠੀ ਦੀ ਉਪਰਲੀ ਮੰਜ਼ਿਲ ਤੇ ਪਰਵਾਸੀ ਮਜਦੂਰ ਰਹਿ ਰਹੇ ਨੇ ਜੋ ਸ਼ਰਾਬ ਤੇ ਤਮਾਕੂ ਦੀ ਵਰਤੋਂ ਕਰਦੇ ਪਾਏ ਗਏ ਨੇ।
ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਸਾਬਕਾ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਕੋਠੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸਤਿਕਾਰ ਕਮੇਟੀ ਅਤੇ ਐਸਜੀਪੀਸੀ ਦੇ ਅਧਿਕਾਰੀਆਂ ਨੂੰ ਮੌਕੇ ਤੇ ਬੁਲਾਇਆ ਗਿਆ ਐ। ਉਨ੍ਹਾਂ ਕਿਹਾ ਕਿ ਕੋਠੀ ਦੀ ਉਪਰਲੀ ਮੰਜਲ ਦੇ ਪਰਵਾਸੀਆਂ ਦੇ ਰਹਿਣ ਅਤੇ ਉਨ੍ਹਾਂ ਵੱਲੋਂ ਦੇਵੀ ਦੇਵਤਿਆਂ ਦੀ ਤਸਵੀਰਾਂ ਰੱਖਣ ਅਤੇ ਸ਼ਰਾਬ ਤੇ ਤਮਾਕੂ ਦੀ ਵਰਤੋਂ ਬਾਰੇ ਵੀ ਸ਼ਿਕਾਇਤ ਮਿਲੀ ਸੀ ਪਰ ਕੋਠੀ ਅੰਦਰੋਂ ਤਸਵੀਰਾਂ ਤਾਂ ਮਿਲੀਆਂ ਨੇ ਪਰ ਤਮਾਕੂ ਤੇ ਸ਼ਰਾਬ ਆਦਿ ਦੀ ਵਰਤੋਂ ਬਾਰੇ ਕੋਈ ਸਬੂਤ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਕੋਠੀ ਅੰਦਰ ਮਜਦੂਰਾਂ ਦੇ ਬੱਚੇ ਰਹਿੰਦੇ ਪਾਏ ਗਏ ਨੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸਤਿਕਾਰ ਕਮੇਟੀ ਵੱਲੋਂ ਗੁਰੂ ਸਾਹਿਬ ਦੇ ਸਰੂਪ ਨੂੰ ਗੁਰਦਆਰਾ ਸਾਹਿਬ ਪਹੁੰਚਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਮਣੇ ਆਉਣਗੇ, ਪੁਲਿਸ ਪ੍ਰਸ਼ਾਸਨ ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਏਗਾ।
ਉਧਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਦਾ ਕਹਿਣਾ ਸੀ ਕਿ ਉਹ ਗੁਰੂ ਸਾਹਿਬ ਦਾ ਸੁੱਖ ਆਸਨ ਕਰਨ ਦੀ ਸੇਵਾ ਕਰਦਾ ਸੀ ਅਤੇ ਕੋਠੀ ਦੀ ਉਪਰਲੀ ਮੰਜਿਲ ਵਿਚ ਕੀ ਹੋ ਰਿਹਾ ਐ, ਇਸ ਦਾ ਉਸ ਨੂੰ ਕੋਈ ਪਤਾ ਨਹੀਂ ਐ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਦੇ ਆਗੂ ਦਾ ਕਹਿਣਾ ਸੀ ਕਿ ਪਾਵਨ ਸਰੂਪ ਦੀ ਸੇਵਾ ਸੰਭਾਲ ਵਿਚ ਕਮੀਆਂ ਸਾਹਮਣੇ ਆਈਆਂ ਨੇ। ਪਰਵਾਸੀਆਂ ਦੇ ਮੀਟ-ਸ਼ਰਾਬ ਤੇ ਤੰਮਾਕੂ ਦੀ ਵਰਤੋਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੇਖਣ ਵਿਚ ਅਜਿਹੀ ਕੋਈ ਗੱਲ ਨਹੀਂ ਆਈ। ਉਨ੍ਹਾਂ ਕਿਹਾ ਕਿ ਚੰਦੋਅ ਸਾਹਿਬ ਵਿਚ ਪੱਖਾ ਲਾਇਆ ਗਿਆ ਸੀ, ਜੋ ਮਰਿਆਦਾ ਮੁਤਾਬਕ ਨਹੀਂ ਸੀ। ਉਨ੍ਹਾਂ ਕਿਹਾ ਕਿ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿਚ ਲਿਆ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।