ਲੁਧਿਆਣਾ ਦੇ ਸਾਹਨੇਵਾਲ ਵਿਖੇ ਬਿਜਲੀ ਮਹਿਕਮੇ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਘਟਨਾ ਇਕ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਐ। ਉਧਰ ਘਟਨਾ ਤੋਂ ਬਾਅਦ ਬਿਜਲੀ ਮਹਿਕਮੇ ਵਿਚ ਪ੍ਰਾਈਵੇਟ ਤੌਰ ਤੇ ਕੰਮ ਕਰਦੇ ਮੁਲਾਜਮਾਂ ਵਿਚ ਗੁੱਸਾ ਪਾਇਆ ਜਾ ਰਿਹਾ ਐ। ਮੁਲਾਜਮਾਂ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਬਣਦੀ ਸਹਾਇਤਾ ਦੇਣ ਦੇ ਨਾਲ ਨਾਲ ਬਿਜਲੀ ਮਹਿਕਮੇ ਵਿਚ ਕੱਚੇ ਤੌਰ ਤੇ ਕੰਮ ਕਰਦੇ ਲਾਈਨਮੈਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਉਹ ਅੰਤਾਂ ਦੇ ਔਖੇ ਮਾਹੌਲ ਵਿਚ ਕੰਮ ਕਰਦੇ ਨੇ ਅਤੇ ਜਦੋਂ ਕੋਈ ਅਜਿਹਾ ਹਾਦਸਾ ਵਾਪਰਦਾ ਐ ਤਾਂ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ। ਮੁਲਾਜਮਾਂ ਦੇ ਦੱਸਣ ਮੁਤਾਬਕ ਮ੍ਰਿਤਕ ਪਿਛਲੇ 7-8 ਸਾਲਾਂ ਤੋਂ ਕੰਮ ਕਰ ਰਿਹਾ ਸੀ ਅਤੇ ਅਚਾਨਕ ਵਾਪਰੇ ਹਾਦਸੇ ਬਾਅਦ ਉਸ ਦਾ ਪਰਿਵਾਰ ਬੇਸਹਾਰਾ ਹੋ ਗਿਆ ਐ। ਮ੍ਰਿਤਕ ਪਰਵਾਸੀ ਪਰਿਵਾਰ ਨਾਲ ਸਬੰਧਤ ਐ ਅਤੇ ਉਸ ਦੇ ਤਿੰਨ ਬੱਚੇ ਨੇ। ਮੁਲਾਜਮਾਂ ਨੇ ਕਿਹਾ ਕਿ ਜਦੋਂ ਤਕ ਬਿਜਲੀ ਮਹਿਕਮਾ ਮ੍ਰਿਤਕ ਦੇ ਪਰਿਵਾਰ ਨੂੰ ਨੌਕਰੀ ਅਤੇ ਬਣਦੀ ਸਹਾਇਤਾ ਰਾਸ਼ੀ ਦਾ ਵਾਅਦਾ ਨਹੀਂ ਕਰਦਾ, ਉਹ ਲਾਸ਼ ਦਾ ਪੋਸਟ ਮਾਰਟਮ ਨਹੀਂ ਹੋਣਗੇ। ਸਾਥੀ ਮੁਲਾਜਮਾਂ ਨੇ ਸਥਾਨਕ ਨਿੱਜੀ ਹਸਪਤਾਲ ਤੇ ਵੀ ਗਲਤ ਵਿਵਹਾਰ ਦੇ ਇਲਜਾਮ ਲਾਏ ਨੇ, ਜਿਸ ਨੇ ਮ੍ਰਿਤਕ ਦੇਹ ਨੂੰ ਉਥੋਂ ਲੈ ਜਾਣ ਲਈ ਦਬਾਅ ਪਾਇਆ। ਮੁਲਾਜਮਾਂ ਦਾ ਕਹਿਣਾ ਐ ਕਿ ਬਿਜਲੀ ਮਹਿਕਮੇ ਵਿਚ ਪ੍ਰਾਈਵੇਟ ਤੌਰ ਤੇ ਕੰਮ ਕਰਦੇ ਮੁਲਾਜਮਾਂ ਨੂੰ ਸੁਰੱਖਿਆ ਉਪਕਰਨ ਮੁਹੱਈਆ ਨਹੀਂ ਕਰਵਾਏ ਜਾਂਦੇ। ਇਸ ਹਾਦਸੇ ਵਿਚ ਵੀ ਉਨ੍ਹਾਂ ਨੇ ਬਿਜਲੀ ਲਾਈਨ ਬੰਦ ਕਰਵਾਈ ਸੀ ਪਰ ਕਿਸੇ ਦੇ ਜਰਨੇਟਰ ਚਲਾਉਣ ਕਾਰਨ ਵਾਪਸ ਆਏ ਕਰੰਟ ਕਾਰਨ ਲਾਈਨਮੈਨ ਦੀ ਮੌਤ ਹੋ ਗਈ ਐ। ਉਨ੍ਹਾਂ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਐ ਤਾਂ ਜੋ ਉਨ੍ਹਾਂ ਨੂੰ ਵੀ ਪੱਕੇ ਮੁਲਾਜਮਾਂ ਵਾਲੀਆਂ ਬਣਦੀਆਂ ਸਹੂਲਤਾਂ ਮਿਲ ਸਕਣ।