ਗਲਾਡਾ ਵੱਲੋਂ ਸਮਰਾਲਾ ਨੇੜਲੇ ਪਿੰਡ ਬਾਲਿਓ ਕੋਲ 250 ਏਕੜ ਜ਼ਮੀਨਾਂ ਐਕਵਾਇਰ ਕਰਨ ਦਾ ਮਾਮਲਾ ਗਰਮਾ ਗਿਆ ਐ। ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਐਸਡੀਐਮ ਸਮਰਾਲਾ ਨੂੰ ਮੰਗ ਪੱਤਰ ਦੇ ਕੇ ਜ਼ਮੀਨਾਂ ਐਕਵਾਇਰ ਕਰਨ ਦਾ ਅਮਲ ਬੰਦ ਕਰਨ ਦੀ ਮੰਗ ਕੀਤੀ ਐ। ਲੋਕਾਂ ਦੇ ਕਹਿਣਾ ਐ ਕਿ ਉਪਜਾਊ ਜ਼ਮੀਨਾਂ ਤੇ ਕਾਲੋਨੀਆਂ ਬਣਾਉਣ ਨਾਲ ਖੇਤੀ ਸੰਕਟ ਖੜ੍ਹਾ ਹੋ ਜਾਵੇਗਾ, ਇਸ ਲਈ ਉਹ ਆਪਣੀਆਂ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਕਿਸੇ ਵੀ ਕੀਮਤ ਤੇ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਣਗੇ। ਇਸ ਮੌਕੇ ਬੀ ਕੇ ਯੂ ਕਾਦੀਆਂ ਦੇ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਲੈਂਡ ਪੂਲਿੰਗ ਨੀਤੀ ਤਹਿਤ ਗਲਾਡਾ ਵੱਲੋਂ ਨਵੀਆਂ ਕਲੋਨੀਆਂ ਬਣਾਈਆਂ ਜਾ ਰਹੀਆਂ ਹਨ ਇਸ ਨਾਲ ਕਿਸਾਨ ਦੀ ਖੇਤੀ ਖਤਮ ਹੋ ਜਾਵੇਗੀ ਕਿਉਂਕਿ ਜੇਕਰ ਜਮੀਨਾਂ ਹੀ ਐਵਾਇਰ ਹੋ ਗਈਆਂ ਤਾਂ ਖੇਤੀ ਕਿਵੇਂ ਹੋਵੇਗੀ। ਉਹਨਾਂ ਕਿਹਾ ਕਿ ਕਿਸੇ ਵੀ ਕੀਮਤ ਤੇ ਅਸੀਂ ਆਪਣੀਆਂ ਜਮੀਨਾਂ ਐਕਵਾਇਰ ਨਹੀਂ ਹੋਣ ਦਵਾਂਗੇ ਭਾਵੇਂ ਸਾਨੂੰ ਵੱਡਾ ਸੰਘਰਸ਼ ਕਿਉਂ ਨਾ ਕਰਨਾ ਪਵੇ। ਉਨਾ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੀਆਂ ਜਮੀਨਾਂ ਨਹੀਂ ਦੇਣੀਆਂ ਉਹ ਇਤਰਾਜ਼ ਪੱਤਰ ਸਰਕਾਰ ਕੋਲ ਜਮਾ ਕਰਵਾਉਣ ਅਤੇ ਦੂਸਰੇ ਪਾਸੇ ਸਰਕਾਰ ਜਮੀਨਾਂ ਉੱਪਰ ਬਣਦੀਆਂ ਲਿਮਟਾਂ ਅਤੇ ਰਜਿਸਟਰੀਆਂ ਤੇ ਰੋਕ ਲਗਾ ਰਹੀ ਹੈ । ਇਤਰਾਜ਼ ਪੱਤਰ ਦੇਣ ਸਮੇਂ ਪਿੰਡ ਵਾਸੀਆਂ ਨਾਲ ਮਾਰਕੀਟ ਕਮੇਟੀ ਸਮਰਾਲਾ ਚੇਅਰਮੈਨ ਮੇਜਰ ਸਿੰਘ ਬਾਲਿਓ ਵੀ ਮੌਜੂਦ ਰਹੇ ਅਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪਿੰਡ ਵਾਸੀਆਂ ਦੇ ਨਾਲ ਹਾਂ ਅਤੇ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਨਹੀਂ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਕਿ ਜਿਨਾਂ ਨੇ ਜਮੀਨਾਂ ਨਹੀਂ ਦੇਣੀਆਂ ਉਹ ਆਪਣੇ ਇਤਰਾਜ ਪੱਤਰ ਪ੍ਰਸ਼ਾਸਨ ਕੋਲ ਜਮਾ ਕਰਵਾ ਸਕਦੇ ਹਨ।