ਅਬੋਹਰ ਕਤਲ ਕਾਂਡ ਦੇ ਮੁਲਜਮਾਂ ਦੇ ਐਨਕਾਊਂਟਰ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਐ। ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਜਸਪ੍ਰੀਤ ਸਿੰਘ ਤੇ ਰਾਮ ਰਤਨ ਨਾਮ ਦੇ ਦੋਵੇਂ ਨੌਜਵਾਨ 6 ਜੁਲਾਈ ਦੀ ਰਾਤ ਨੂੰ ਮਲੋਟ ਦੇ ਮੁਕਤਸਰ ਰੋਡ ਤੇ ਸਥਿਤ ਇਕ ਹੋਟਲ ਵਿਚ ਠਹਿਰੇ ਸਨ। ਦੋਵਾਂ ਦੀਆਂ ਹੋਟਲ ਵਿਚ ਆਉਣ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ, ਜਿਨ੍ਹਾਂ ਵਿਚ ਦੋਵੇਂ ਹੋਟਲ ਦੇ ਕਮਰੇ ਵਿਚ ਆਉਂਦੇ ਅਤੇ ਜਾਂਦੇ ਦਿਖਾਈ ਦੇ ਰਹੇ ਨੇ। ਇਸ ਦਾ ਖੁਲਾਸਾ ਖੁਦ ਹੋਟਲ ਦੇ ਮਾਲਕ ਨੇ ਵੀ ਮੀਡੀਆ ਸਾਹਮਣੇ ਕੀਤਾ ਐ। ਹੋਟਲ ਸੇਤੀਆ ਦੇ ਮਾਲਕ ਰਮਨ ਸੇਤੀਆਂ ਨੇ ਮੁਲਜਮਾਂ ਦੇ ਆਧਾਰ ਕਾਰਡ ਦੀਆਂ ਕਾਪੀਆਂ ਮੀਡੀਆ ਸਾਹਮਣੇ ਪੇਸ਼ ਕਰਦਿਆਂ ਉਨ੍ਹਾਂ ਦੇ ਹੋਟਲ ਵਿਚ ਠਹਿਰਣ ਦੀ ਪੁਸ਼ਟੀ ਕੀਤੀ ਐ। ਹੋਟਲ ਮਾਲਕ ਰਮਨ ਸੇਤੀਆ ਦੇ ਦੱਸਣ ਮੁਤਾਬਕ 6 ਜੁਲਾਈ ਨੂੰ ਦੋ ਨੌਜਵਾਨ ਉਹਨਾਂ ਦੇ ਹੋਟਲ ਵਿਖੇ ਰੁਕਣ ਲਈ 9.23 ਰਾਤ ਨੂੰ ਆਏ ਅਤੇ ਆਪਣੇ ਆਧਾਰ ਕਾਰਡ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਉਹ ਮਲੋਟ ਵਿਖੇ ਕਾਰ ਖਰੀਦਣ ਲਈ ਆਏ ਹਨ। ਰਮਨ ਸੇਤੀਆ ਨੇ ਦੱਸਿਆ ਕਿ ਡੀਐਸਪੀ ਮਲੋਟ ਦੀਆਂ ਸਮੇਂ ਸਮੇਂ ਸਿਰ ਦਿੱਤੀਆਂ ਹਦਾਇਤਾਂ ਅਨੁਸਾਰ ਉਨਾਂ ਨੇ ਉਹਨਾਂ ਦੋਨਾਂ ਨੌਜਵਾਨਾਂ ਦੇ ਆਧਾਰ ਕਾਰਡ ਲੈ ਲਏ ਸੀ। ਦੋਵੇਂ ਨੌਜਵਾਨ ਰਾਤ ਨੂੰ ਹੋਟਲ ਵਿੱਚ ਠਹਿਰੇ ਅਤੇ ਸਵੇਰੇ 6-30 ਵਜੇ ਹੋਟਲ ਤੋਂ ਚਲੇ ਗਏ। ਦੱਸਣਯੋਗ ਐ ਕਿ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਨੇ ਆਪਣੀ ਸਵਿਫਟ ਕਾਰ ਵਿੱਚ ਤਿੰਨੇ ਕਾਤਲਾਂ ਨੂੰ ਅਬੋਹਰ ਤੋਂ ਬਠਿੰਡਾ ਤੱਕ ਪਹੁੰਚਾਇਆ ਸੀ। ਸੀਸੀਟੀਵੀ ਫੁਟੇਜ ਵਿੱਚ ਇਹ ਉਕਤ ਦੋਨੋਂ ਨੌਜਵਾਨ ਕਾਰ ਸਵਿਫਟ ਕਾਰ ਰਾਹੀਂ ਹੋਟਲ ਵਿੱਚ ਆਉਂਦੇ ਹਨ ਅਤੇ ਵਾਰ-ਵਾਰ ਕਮਰੇ ਵਿੱਚੋਂ ਬਾਹਰ ਜਾਂਦੇ ਅਤੇ ਫਿਰ ਕਮਰੇ ਵਿੱਚ ਦਾਖਿਲ ਹੁੰਦੇ ਨਜ਼ਰ ਆਉਂਦੇ ਨੇ।