ਚੰਡੀਗੜ੍ਹ ਦੇ ਸੈਕਟਰ-38ਏ ਵਿਖੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਇਕ ਨਾਕੇ ਦੌਰਾਨ ਪੁਲਿਸ ਨੇ ਐਕਟਿਵਾ ਸਵਾਰ ਤਿੰਨ ਕੁੜੀਆਂ ਨੂੰ ਰੋਕ ਕੇ ਉਨ੍ਹਾਂ ਦਾ ਐਕਟਿਵਾ ਜ਼ਬਤ ਕਰ ਲਈ। ਇਸ ਦੌਰਾਨ ਕੁੜੀਆਂ ਅਤੇ ਪੁਲਿਸ ਵਿਚਕਾਰ ਤਿੱਖੀ ਬਹਿਸ਼ ਹੋ ਗਈ। ਪੀੜਤ ਲੜਕੀ ਸ਼੍ਰੀਆ ਬੱਟੀ ਦਾ ਇਲਜ਼ਾਮ ਸੀ ਕਿ ਨਾਕੇ ਤੇ ਤਾਇਨਾਤ ਮਹਿਲਾ ਕਾਂਸਟੇਬਲ ਨੇ ਉਸਨੂੰ ਥੱਪੜ ਮਾਰਿਆ, ਜਦੋਂ ਕਿ ਇੱਕ ਹੋਰ ਕਰਮਚਾਰੀ ਨੇ ਉਸਦਾ ਮੋਬਾਈਲ ਫੋਨ ਖੋਹ ਲਿਆ ਐ। ਸ਼੍ਰੀਆ ਅਤੇ ਉਸਦੀ ਭੈਣ ਐਲਿਸ ਦਾ ਦੋਸ਼ ਹੈ ਕਿ ਚੈੱਕ ਪੋਸਟ ਦਾ ਇੰਚਾਰਜ ਇੰਸਪੈਕਟਰ ਨਸ਼ੇ ਵਿੱਚ ਸੀ ਅਤੇ ਉਸਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਐ। ਹੰਗਾਮੇ ਦੌਰਾਨ ਦੋਵੇਂ ਧਿਰਾਂ ਵਿਚਾਲੇ ਹੱਥੋਪਾਈ ਵੀ ਹੋਈ। ਇਸ ਦੌਰਾਨ ਕਿਸੇ ਨੇ ਘਟਨਾ ਦੀ ਵੀਡੀਓ ਬਣਾ ਲਈ ਜੋ ਬਾਅਦ ਵਿਚ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਥਾਣਾ ਇੰਚਾਰਜ ਮੁਤਾਬਕ ਦੋਵਾਂ ਧਿਰਾਂ ਨੇ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੀਡੀਓ ਨੂੰ ਵੀ ਸਬੂਤ ਵਜੋਂ ਮੰਨਿਆ ਜਾਵੇਗਾ। ਵੀਡੀਓ ਵਿੱਚ, ਚਿੱਟੇ ਕੱਪੜੇ ਪਹਿਨੀ ਇੱਕ ਲੜਕੀ ਜਿਸਦਾ ਨਾਮ ਸ਼੍ਰੀਆ ਹੈ, ਉੱਚੀ ਆਵਾਜ਼ ਵਿੱਚ ਬੋਲਦੀ ਦਿਖਾਈ ਦੇ ਰਹੀ ਹੈ ਅਤੇ ਉਹ ਚੈੱਕ ਪੋਸਟ ਵੱਲ ਜਾ ਰਹੀ ਹੈ ਜਿੱਥੇ ਪੁਲਿਸ ਵਾਲੇ ਅਤੇ ਇੱਕ ਮਹਿਲਾ ਕਾਂਸਟੇਬਲ ਖੜ੍ਹੇ ਹਨ। ਲੜਕੀ ਮਹਿਲਾ ਕਾਂਸਟੇਬਲ ਵੱਲ ਇਸ਼ਾਰਾ ਕਰਕੇ ਕੁਝ ਕਹਿ ਰਹੀ ਹੈ, ਇਸ ਤੋਂ ਬਾਅਦ ਉਹ ਉਸਨੂੰ ਆਪਣੇ ਹੱਥ ਨਾਲ ਛੂਹ ਰਹੀ ਹੈ ਅਤੇ ਉਸਨੂੰ ਚਲੇ ਜਾਣ ਲਈ ਕਹਿ ਰਹੀ ਹੈ। ਇਸ ਦੇ ਨਾਲ ਹੀ, ਮਹਿਲਾ ਕਾਂਸਟੇਬਲ ਵੀ ਉਸਨੂੰ ਚਲੇ ਜਾਣ ਲਈ ਕਹਿ ਰਹੀ ਹੈ ਅਤੇ ਉਸੇ ਸਮੇਂ ਮਹਿਲਾ ਕਾਂਸਟੇਬਲ ਉਸਨੂੰ ਥੱਪੜ ਮਾਰਦੀ ਹੈ ਅਤੇ ਉਸ ਤੋਂ ਬਾਅਦ ਉਹ ਲੜਕੀ ਵੀ ਥੱਪੜ ਮਾਰਦੀ ਹੈ। ਇਸ ਤੋਂ ਬਾਅਦ ਨੇੜੇ ਖੜ੍ਹੇ ਲੋਕਾਂ ਨੇ ਦਖਲ ਦਿੱਤਾ ਅਤੇ ਦੋਵਾਂ ਨੂੰ ਵੱਖ ਕੀਤਾ।