ਬਠਿੰਡਾ ਦੇ ਜਨਤਾ ਨਗਰ ਨੇੜਿਓ ਲੰਘਦੀ ਸਰਹਿੰਦ ਨਹਿਰ ਨਹਾਉਂਦੇ ਸਮੇਂ ਡੁੱਬਣ ਕਾਰਨ 10 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਪਿੰਡ ਕੋਟਗੁਰੂ ਨੇੜੇ ਇੱਕ ਨਹਿਰ ਵਿੱਚੋਂ ਬਰਾਮਦ ਹੋਈ। ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਕੁੱਝ ਬੱਚੇ ਨਹਿਰ ‘ਚ ਨਹਾ ਰਹੇ ਸਨ ਅਤੇ ਇਸ ਦੌਰਾਨ ਇੱਕ ਬੱਚਾ ਪਾਣੀ ‘ਚ ਵਹਿ ਗਿਆ। ਸੂਚਨਾ ਮਿਲਣ ‘ਤੇ ਐੱਨ. ਡੀ. ਆਰ. ਐੱਫ. ਅਤੇ ਸਹਾਰਾ ਜਨਸੇਵਾ ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ ਪਰ ਲੰਬੀ ਭਾਲ ਤੋਂ ਬਾਅਦ ਵੀ ਬੱਚਾ ਨਹੀਂ ਮਿਲ ਸਕਿਆ। ਬੁੱਧਵਾਰ ਨੂੰ ਪਿੰਡ ਕੋਟਗੁਰੂ ਨੇੜੇ ਨਹਿਰ ‘ਚ ਉਕਤ ਬੱਚੇ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ‘ਤੇ ਥਾਣਾ ਸੰਗਤ ਪੁਲਸ ਅਤੇ ਸਹਾਰਾ ਜਨਸੇਵਾ ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਸ ਦੀ ਮੌਜੂਦਗੀ ‘ਚ ਬੱਚੇ ਦੀ ਲਾਸ਼ ਨੂੰ ਨਹਿਰ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਬੱਚੇ ਦੀ ਪਛਾਣ ਕ੍ਰਿਸ਼ਨ ਕੁਮਾਰ (10) ਪੁੱਤਰ ਤੁਲਸੀਦਾਸ ਵਾਸੀ ਜਨਤਾ ਨਗਰ ਵਜੋਂ ਹੋਈ। ਮ੍ਰਿਤਕ ਬੱਚਾ ਤੀਜੀ ਜਮਾਤ ਦਾ ਵਿਦਿਆਰਥੀ ਸੀ ਅਤੇ ਉਸਦਾ ਪਿਤਾ ਦਿਹਾੜੀਦਾਰ ਮਜ਼ਦੂਰ ਹੈ। ਪੁਲਿਸ ਲਾਸ਼ ਵਾਰਿਸਾਂ ਹਵਾਲੇ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਐ।