ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਐ। ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਐ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਵਿਜੇ ਸਾਂਪਲਾ ਨੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ਨੂੰ ਘੇਰਿਆ ਐ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਜੇ ਸਾਪਲਾਂ ਨੇ ਕਿਹਾ ਕਿ ਸਰਕਾਰ ਦੀ ਨਵੀਂ ਨੀਤੀ ਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਵੇਗਾ ਅਤੇ ਇਹ ਨੀਤੀ ਕੇਵਲ ਦਿੱਲੀ ਤੋਂ ਪੰਜਾਬ ਆ ਕੇ ਬੈਠੇ ਲੋਕਾਂ ਨੂੰ ਹੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਆਪਣੀਆਂ ਜ਼ਮੀਨਾਂ ਵਿਚ ਕੰਮ ਲੱਗੇ ਲੋਕਾਂ ਨੂੰ ਬੇਰੁਜਗਾਰ ਬਣਾਉਣ ਦੇ ਰਾਹ ਪਈ ਹੋਈ ਐ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਇਸ ਪਾਲਸੀ ਦਾ ਡੱਟ ਕੇ ਵਿਰੋਧ ਕਰੇਗੀ। ਸਾਬਕਾ ਕੇਂਦਰੀ ਮੰਤਰੀ ਨੇ ਲੈਂਡ ਪੂਲਿੰਗ ਨੀਤੀ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ ਗਰੀਬ ਕਿਸਾਨ ਦਾ ਕੀ ਬਣੇਗਾ। ਕਿਉਂਕਿ ਉਕਤ ਯੋਜਨਾ ਲਾਗੂ ਹੋਣ ਤੋਂ ਬਾਅਦ ਗਰੀਬ ਕਿਸਾਨ ਨਾ ਤਾਂ ਉਕਤ ਜ਼ਮੀਨ ਵੇਚ ਸਕੇਗਾ ਅਤੇ ਨਾ ਹੀ ਉਸ ‘ਤੇ ਕਰਜ਼ਾ ਲੈ ਸਕੇਗਾ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਹੱਕ ਕੌਣ ਦੇਵੇਗਾ। ਸਾਂਪਲਾ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਵੇਲੇ ਆਦਮਪੁਰ ਵਿੱਚ ਹਵਾਈ ਅੱਡਾ ਬਣਾਇਆ, ਜਿਸ ਲਈ 40 ਏਕੜ ਜ਼ਮੀਨ ਚਾਹੀਦੀ ਸੀ, ਜਿਸ ਲਈ ਸਰਕਾਰ ਨੇ ਕਿਸਾਨਾਂ ਨੂੰ ਪੂਰੀ ਕੀਮਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਹੋਰ ਸ਼ਹਿਰੀ ਆਬਾਦੀ ਵਧਾਉਣ ਦੀ ਲੋੜ ਨਹੀਂ ਐ, ਇਸ ਲਈ ਸਰਕਾਰ ਦੀ ਨਵੀਂ ਨੀਤੀ ਦਾ ਸਖਤੀ ਨਾਲ ਵਿਰੋਧ ਕੀਤਾ ਜਾਵੇਗਾ। ਸਾਂਪਲਾ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਪੰਜਾਬ ਨੂੰ ਤਬਾਹੀ ਵੱਲ ਲਿਜਾਣ ਦਾ ਇੱਕ ਕਦਮ ਐ ਜਿਸ ਦਾ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸਾਡੀ ਪਾਰਟੀ ਕਿਸਾਨ ਆਗੂਆਂ ਦੇ ਨਾਲ ਖੜ੍ਹੀ ਹੈ। ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਕੇਂਦਰ ਸਰਕਾਰ ਨਾਲ ਇਸ ਬਾਰੇ ਰਣਨੀਤੀ ਬਣਾਵਾਂਗੇ। ਜਦੋਂ ਸਮਾਂ ਆਵੇਗਾ, ਤਾਂ ਅਸੀਂ ਉਸ ਰਣਨੀਤੀ ‘ਤੇ ਕੰਮ ਕਰਾਂਗੇ ਅਤੇ ਆਮ ਆਦਮੀ ਪਾਰਟੀ ਦੀ ਇਸ ਨੀਤੀ ਦਾ ਪਰਦਾਫਾਸ਼ ਕਰਾਂਗੇ।