ਲੁਧਿਆਣਾ ਦੇ ਕੱਚੀ ਗਲੀ ਇਲਾਕੇ ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਰੈਡੀਮੇਡ ਕੱਪੜਿਆਂ ਦੇ ਕਾਰੋਬਾਰੀਆਂ ਵਿਚਾਲੇ ਤਕਰਾਰ ਹੋ ਗਈ। ਦੋਵੇਂ ਧਿਰਾਂ ਵਿਚਾਲੇ ਤਕਰਾਰ ਐਨੀ ਵੱਧ ਗਈ ਕਿ ਦੋਵੇਂ ਧਿਰਾਂ ਆਪਸ ਵਿਚ ਗੁਥਮ-ਗੁੱਥਾ ਹੋ ਗਈਆਂ। ਇਸ ਝਗੜੇ ਵਿਚ ਦੋ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਨੂੰ ਗੰਭੀਰ ਹਾਲਤ ਦੇ ਚਲਦਿਆਂ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਝੜਪ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜ਼ਖਮੀਆਂ ਨੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸ਼ਿਕਾਇਤ ਕੀਤੀ। ਝਗੜੇ ਦੀ ਵਜ੍ਹਾਂ ਦੋਵੇਂ ਪਰਿਵਾਰਾਂ ਵਿਚਾਲੇ ਲੜਕੇ-ਲੜਕੀ ਦੇ ਰਿਸ਼ਤੇ ਦੀ ਚੱਲ ਰਹੀ ਗੱਲਬਾਤ ਦੱਸੀ ਜਾ ਰਹੀ ਐ। ਪੀੜਤ ਧਿਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਹਮਲਾਵਰ ਧਿਰ ਦੀ ਲੜਕੀ ਦਾ ਰਿਸ਼ਤਾ ਮੰਗਿਆ ਸੀ, ਜਿਸ ਦੀ ਰੰਜ਼ਿਸ਼ ਤਹਿਤ ਇਹ ਹਮਲਾ ਕੀਤਾ ਗਿਆ ਐ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਤੇ ਜਾਂਚ ਸ਼ੂਰ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਆਸ਼ੀਸ਼ ਦੇ ਰਿਸ਼ਤੇ ਦਾ ਪ੍ਰਸਤਾਵ 6 ਮਹੀਨੇ ਪਹਿਲਾਂ ਦੂਜੀ ਧਿਰ ਵੱਲ ਭੇਜਿਆ ਸੀ ਪਰ ਉਨ੍ਹਾਂ ਨੇ ਆਪਣੀ ਧੀ ਦਾ ਰਿਸ਼ਤਾ ਕਰਨ ਤੋਂ ਨਾਂਹ ਕਰ ਦਿੱਤੀ ਸੀ। ਕੁਝ ਦਿਨਾਂ ਤਕ ਕੋਈ ਗੱਲ ਨਹੀਂ ਹੋਈ ਅਤੇ ਫਿਰ ਅਸੀਂ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਰਾਹੀਂ ਪ੍ਰਸਤਾਵ ਭੇਜਿਆ ਪਰ ਉਨ੍ਹਾਂ ਨੇ ਦੁਬਾਰਾ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਅਸੀਂ ਆਪਣੇ ਪੁੱਤਰ ਨੂੰ ਵੀ ਸਮਝਾਇਆ ਅਤੇ ਸਭ ਕੁਝ ਠੀਕ ਹੋ ਗਿਆ। ਅਚਾਨਕ ਸ਼ਨੀਵਾਰ ਰਾਤ ਨੂੰ, ਗੁਆਂਢੀ ਅਤੇ ਉਸਦੇ ਕੁਝ ਰਿਸ਼ਤੇਦਾਰਾਂ ਨੇ ਮੇਰੇ ਪੁੱਤਰ ਆਸ਼ੀਸ਼ ਅਤੇ ਉਸਦੇ ਦੋਸਤ ਵਰੁਣ ਨੂੰ ਦੁਕਾਨ ਦੇ ਬਾਹਰ ਬੁਰੀ ਤਰ੍ਹਾਂ ਕੁੱਟਿਆ। ਵਰੁਣ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਡੀਐਮਸੀ ਹਸਪਤਾਲ ਵਿੱਚ ਦਾਖਲ ਹੈ। ਜ਼ਖਮੀ ਆਸ਼ੀਸ਼ ਨੇ ਦੱਸਿਆ ਕਿ ਗੁਆਂਢੀ ਦੁਕਾਨਦਾਰ ਦੀ ਧੀ ਉਸ ਨਾਲ ਵਿਆਹ ਕਰਨਾ ਚਾਹੁੰਦੀ ਹੈ ਪਰ ਉਹ ਉਸ ਨਾਲ ਵੀ ਕੁੱਟਮਾਰ ਕਰਦੇ ਨੇ। ਸ਼ਨੀਵਾਰ ਰਾਤ ਨੂੰ ਉਹ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ। ਫਿਰ ਕੁੜੀ ਦੇ ਪਰਿਵਾਰ ਵਾਲੇ ਉਸ ਕੋਲ ਆਏ ਅਤੇ ਬਹਿਸ ਕਰਨ ਲੱਗੇ। ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਮੇਰੇ ਗਲੇ ਵਿੱਚ ਪਾਈ ਸੋਨੇ ਦੀ ਚੇਨ ਵੀ ਖੋਹ ਲਈ। ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।