ਮੁੱਖ ਮੰਤਰੀ ਮਾਨ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਉਨ੍ਹਾਂ ਨੇ ਨਵੀਂ ਤਿਆਰ ਹੋਈ ਮਾਡਰਨ ਲਾਇਬ੍ਰੇਰੀ ਦਾ ਜਾਇਜ਼ਾ ਲਿਆ। ਇਸੇ ਦੌਰਾਨ ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਸ਼ੇਸ਼ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕਈ ਵਿਧਾਇਕਾਂ ਤੋਂ ਇਲਾਵਾ ਸਰਪੰਚ ਵੀ ਮੌਜੂਦ ਰਹੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ 346 ਕਰੋੜ ਰੁਪਏ ਦੀ ਲਾਗਤ ਨਾਲ 600 ਕਿਲੋਮੀਟਰ ਲਿੰਕ ਸੜਕਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਕੁੱਲ 532 ਕਰੋੜ ਰੁਪਏ ਦੀ ਲਾਗਤ ਦੇ ਪ੍ਰੋਜੈਕਟ ਵਿੱਚੋਂ 106 ਕਰੋੜ ਦੀ ਸੇਵਿੰਗ ਕੀਤੀ ਗਈ ਹੈ। ਇਹ ਸਾਰੇ ਕੰਮ ਮਿਆਰੀ ਤਰੀਕੇ ਨਾਲ ਹੋ ਰਹੇ ਹਨ ਅਤੇ 5 ਸਾਲ ਦੀ ਮੈਨਟੇਨੈਂਸ ਦੀ ਜ਼ਿੰਮੇਵਾਰੀ ਵੀ ਕੰਟ੍ਰੈਕਟਰ ਕੋਲ ਹੋਵੇਗੀ। ਸੁਲਤਾਨਵਿੰਡ ਰੋਡ ਕੋਲ ਦੀ ਬ੍ਰਿਜ ਲਈ 34 ਕਰੋੜ ਰੁਪਏ ਵਿਚੋਂ ਸਿਰਫ 22 ਕਰੋੜ ਵਿਚ ਕੰਮ ਹੋ ਰਿਹਾ ਹੈ, ਜਿਸ ਨਾਲ 12 ਕਰੋੜ ਦੀ ਹੋਰ ਸੇਵਿੰਗ ਹੋਈ। ਇਹ ਪ੍ਰੋਜੈਕਟ 31 ਦਸੰਬਰ 2025 ਤੱਕ ਪੂਰਾ ਹੋਵੇਗਾ। ਤਾਰਾਂ ਵਾਲੇ ਪੁਲ ਤੋਂ ਲੈ ਕੇ ਬਾਬਾ ਬੁੱਢਾ ਸਾਹਿਬ ਵਾਲੀ ਸੜਕ ਤੇ ਵੀ 70 ਕਰੋੜ ਰੁਪਏ ਮਨਜ਼ੂਰ ਹੋ ਚੁੱਕੇ ਹਨ। ਤਰਨਤਾਰਨ ਸਾਹਿਬ ਨੂੰ ਜੋੜਣ ਵਾਲੀ ਸੜਕ ਲਈ ਵੀ ਨਵੇਂ ਫੰਡ ਜਾਰੀ ਹੋ ਗਏ ਹਨ ਅਤੇ ਕੰਮ ਜਲਦ ਸ਼ੁਰੂ ਹੋਵੇਗਾ।