ਫਰੀਦਕੋਟ ਰੇਂਜ ਦੇ ਡੀ.ਆਈ.ਜੀ. ਅਸ਼ਵਨੀ ਕਪੂਰ ਅਤੇ ਐਸਐਸਪੀ ਮੋਗਾ ਬੀਤੀ ਰਾਤ ਕਰੀਬ 11 ਵਜੇ ਦੇ ਕਰੀਬ ਮੈਡੀਸਿਟੀ ਹਸਪਤਾਲ ਮੋਗਾ ਪਹੁੰਚੇ, ਜਿਥੇ ਉਨ੍ਹਾਂ ਨੇ ਅਦਾਕਾਰਾ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਦੀ ਸਿਹਤ ਦਾ ਹਾਲ ਜਾਣਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਹਰ ਸੰਭਵ ਸੁਰੱਖਿਆ ਮੁਹੱਈਆ ਕਰਵਾਇਆ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਨੇ ਸਾਲ 2022 ਵਿਚ ਧਮਕੀਆਂ ਮਿਲਣ ਤੋਂ ਬਾਦ ਬਣਦੀ ਸੁਰੱਖਿਆ ਮੁਹੱਈਆ ਕਰਵਾਈ ਸੀ ਅਤੇ ਹੁਣ ਵੀ ਜੇਕਰ ਧਮਕੀ ਮਿਲੀ ਹੁੰਦੀ ਤਾਂ ਸੁਰੱਖਿਆ ਮੁਹੱਈਆ ਕਰਵਾ ਦੇਣੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਹਮਲਾਵਰਾਂ ਤਕ ਪਹੁੰਚਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਿਹਾ ਐ ਅਤੇ ਛੇਤੀ ਹੀ ਹਮਲਾਵਰ ਸ਼ਲਾਖਾ ਪਿੱਛੇ ਹੋਣਗੇ। ਡੀ.ਆਈ.ਜੀ. ਅਸ਼ਵਨੀ ਕਪੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਅਤੇ ਗਿਰਫ਼ਤਾਰੀ ਲਈ ਪੁਲਿਸ ਵਲੋਂ ਲਗਾਤਾਰ ਕਾਰਵਾਈ ਜਾਰੀ ਹੈ ਅਤੇ ਆਉਣ ਵਾਲੇ ਇਕ-ਦੋ ਦਿਨਾਂ ‘ਚ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ 2022 ਵਿੱਚ ਡਾ. ਅਨਿਲ ਕੰਬੋਜ ਨੂੰ ਫਿਰੌਤੀ ਲਈ ਕਾਲ ਆਈ ਸੀ, ਜਿਸ ਦੀ ਪੁਸ਼ਟੀ ਮਾਮਲਾ ਦਰਜ ਹੋਣ ਅਤੇ ਸੁਰੱਖਿਆ ਮੁਹੱਈਆ ਹੋਣ ਰਾਹੀਂ ਹੋ ਚੁੱਕੀ ਸੀ। ਹਾਲਾਂਕਿ, ਪਿਛਲੇ ਤਿੰਨ ਸਾਲਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਜਾਣਕਾਰੀ ਡਾਕਟਰ ਜਾਂ ਉਨ੍ਹਾਂ ਦੇ ਪਰਿਵਾਰ ਵਲੋਂ ਪੁਲਿਸ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਡਾ. ਕੰਬੋਜ ਦੀ ਸੁਰੱਖਿਆ ਮਾਰਚ 2025 ਵਿੱਚ ਵਾਪਸ ਲੈ ਲਈ ਗਈ ਸੀ ਡੀ.ਆਈ.ਜੀ. ਨੇ ਅੰਤ ਵਿੱਚ ਲੋਕਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਡਾਕਟਰ ਕੰਬੋਜ ਜਾਂ ਉਨ੍ਹਾਂ ਦੇ ਪਰਿਵਾਰ ਬਾਰੇ ਸੋਸ਼ਲ ਮੀਡੀਆ ‘ਤੇ ਕੋਈ ਵੀ ਝੂਠੀਆਂ ਖ਼ਬਰਾਂ ਨਾ ਚਲਾਈਆਂ ਜਾਣ।