
ਪਹਾੜੀ ਇਲਾਕਿਆਂ ਵਿਚ ਪੈ ਰਹੇ ਮੀਂਹ ਕਾਰਨ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਐ, ਜਿਸ ਦੇ ਚਲਦਿਆਂ ਇਸ ਦੇ ਕੰਢਿਆਂ ਨੇੜੇ ਰਹਿੰਦੇ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਐ। ਗੱਲ ਜੇਕਰ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਕੀਤੀ ਜਾਵੇ ਤਾਂ ਸੰਗਰੂਰ ਇਲਾਕੇ ਅੰਦਰ ਪ੍ਰਸ਼ਾਸਨ ਨੇ ਅਜੇ ਪੁਣੀ ਵੀ ਨਹੀਂ ਕੱਤੀ, ਜਿਸ ਨੂੰ ਲੈ ਕੇ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਮੀਡੀਆ ਵੱਲੋਂ ਸੀਐਮ ਸਿਟੀ ਸੰਗਰੂਰ ਅਧੀਨ ਆਉਂਦੇ ਮੂਨਕ ਅਤੇ ਨੇੜਲੇ ਪਿੰਡ ਮਕਰੋੜ ਸਾਹਿਬ ਦਾ ਦੌਰਾ ਕੀਤਾ, ਜਿੱਥੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀ। ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਪ੍ਰਸ਼ਾਸਨ ਨੇ ਇਸ ਵਾਰ ਘੱਗਰ ਦੀ ਸਫਾਈ ਨਹੀਂ ਕੀਤੀ ਅਤੇ ਪ੍ਰਸ਼ਾਸਨ ਸਿਰਫ ਫੋਟੋਆਂ ਖਿੱਚ ਕੇ ਚਲਾ ਜਾਂਦਾ ਐ। ਲੋਕਾਂ ਨੇ ਘੱਗਰ ਦੇ ਕੰਢੇ ਪੱਕੇ ਕਰਨ ਤੋਂ ਇਲਾਵਾ ਘੱਗਰ ਅੰਦਰਲੇ ਇਲਾਕਿਆਂ ਦੀ ਤੁਰੰਤ ਸਫਾਈ ਦੀ ਮੰਗ ਕੀਤੀ ਐ ਤਾਂ ਜੋ ਜ਼ਿਆਦਾ ਪਾਣੀ ਆਉਣ ਦੀ ਸੂਰਤ ਵਿਚ ਨੁਕਸਾਨ ਤੋਂ ਬਚਾਅ ਹੋ ਸਕੇ। ਇਲਾਕੇ ਦੇ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਪਿਛਲੀ ਵਾਰ 2023 ਵਿੱਚ ਜਦੋਂ ਘੱਗਰ ਦੇ ਪਾਣੀ ਨੇ ਕਿਸਾਨਾਂ ਅਤੇ ਗਰੀਬ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਸੀ, ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਰਗੀਆਂ ਤੋਂ ਲੈ ਕੇ ਬੱਕਰੀਆਂ ਤੱਕ ਸਾਰਿਆਂ ਨੂੰ ਮੁਆਵਜਾ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਕੇਵਲ ਕਿਸਾਨਾਂ ਨੂੰ 5 ਹਜ਼ਾਰ ਪ੍ਰਤੀ ਏਕੜ ਦੇ ਕੇ ਟਾਲ ਦਿੱਤਾ ਐ। ਲੋਕਾਂ ਨੇ ਕਿਹਾ ਕਿ ਐਨੇ ਮੁਆਵਜੇ ਨਾਲ ਤਾਂ ਝੋਨੇ ਦੀ ਲੁਆਈ ਦੀ ਹੀ ਭਰਪਾਈ ਹੋਈ ਐ। ਘੱਗਰ ਦੇ ਪਾਣੀ ਨਾਲ ਬਹੁਤ ਸਾਰੇ ਗਰੀਬ ਲੋਕਾਂ ਦੇ ਘਰ ਢਹਿ ਗਏ ਸਨ, ਜਿਨ੍ਹਾਂ ਨੂੰ ਸਰਕਾਰ ਨੇ ਕੁੱਝ ਨਹੀਂ ਦਿੱਤਾ। ਲੋਕਾਂ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਸਿਰਫ਼ 300 ਹੈ, ਜਿਸ ਨੂੰ ਵਧਾ ਕੇ 700 ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਨੇ ਕਿਹਾ ਕਿ ਇਸ ਸਮੇਂ ਕੰਮ ਕਰ ਰਹੇ ਮਜਦੂਰਾਂ ਦੀ ਗਿਣਤੀ ਵੀ ਬਹੁਤ ਘੱਟ ਐ ਅਤੇ ਕੇਵਲ 250 ਥੈਲਿਆਂ ਦਾ ਪ੍ਰਬੰਧ ਐ ਜਦਕਿ ਇੱਥੇ ਹਜ਼ਾਰਾਂ ਥੈਲਿਆਂ ਦੀ ਲੋੜ ਐ। ਲੋਕਾਂ ਨੇ ਕਮਜੋਰ ਥਾਵਾਂ ਨੂੰ ਸਮੇਂ ਰਹਿੰਦੇ ਥੈਲਿਆਂ ਨਾਲ ਭਰਨ ਦੀ ਮੰਗ ਕੀਤੀ ਐ ਤਾਂ ਜੋ ਜ਼ਿਆਦਾ ਪਾਣੀ ਆਉਣ ਤੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਲੋਕਾਂ ਨੇ ਕਿਹਾ ਕਿ ਪਾਣੀ ਦਾ ਪੱਧਰ ਵੱਧ ਕੇ 40 ਫੀਸਦੀ ਤਕ ਪਹੁੰਚ ਗਿਆ ਐ ਅਤੇ 8 ਫੀਸਦੀ ਹੋਰ ਵਧਦਾ ਐ ਤਾਂ ਪਾਣੀ ਲੋਕਾਂ ਦੇ ਘਰਾਂ ਅਤੇ ਖੇਤਾਂ ਅੰਦਰ ਦਾਖਲ ਹੋ ਜਾਵੇਗਾ। ਲੋਕਾਂ ਕਹਿਣਾ ਐ ਕਿ ਸਰਕਾਰ ਨੇ ਪਿਛਲੇ ਨੁਕਸਾਨ ਦੀ ਭਰਪਾਈ ਵੀ ਨਹੀਂ ਕੀਤੀ, ਜਿਸ ਦੇ ਚਲਦਿਆਂ ਲੋਕਾਂ ਅੰਦਰ ਨਵੀਂ ਮੁਸੀਬਤ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਐ।


