ਪਠਾਨਕੋਟ ਵਿਖੇ ਸਥਿਤ ਰਣਜੀਤ ਸਾਗਰ ਡੈਮ ਝੀਲ ਵਿਖੇ ਠੇਕੇਦਾਰ ਦੀਆਂ ਮੱਛੀਆਂ ਦੀ ਰਾਖੀ ਕਰਦੇ ਦੋ ਨੌਜਵਾਨਾਂ ਨਾਲ ਕੁੱਟਮਾਰ ਦੀ ਖਬਰ ਸਾਹਮਣੇ ਆਈ ਐ। ਕੁੱਟਮਾਰ ਦੇ ਇਲਜ਼ਾਮ ਜੰਮੂ-ਕਸ਼ਮੀਰ ਪੁਲਿਸ ਤੇ ਲੱਗੇ ਨੇ। ਕੁੱਟਮਾਰ ਦੇ ਸ਼ਿਕਾਰ ਹੋਏ ਨੌਜਵਾਨਾਂ ਦੇ ਦੱਸਣ ਮੁਤਾਬਕ ਜੁਲਾਈ ਮਹੀਨੇ ਦੌਰਾਨ ਮੱਛੀਆਂ ਫੜਣ ਤੇ ਪਾਬੰਦੀ ਹੁੰਦੀ ਐ, ਜਿਸ ਦੇ ਚਲਦਿਆਂ ਠੇਕੇਦਾਰ ਵੱਲੋਂ ਉਨ੍ਹਾਂ ਨੂੰ ਮੱਛੀਆਂ ਚੋਰੀ ਹੋਣ ਦੀ ਨਿਗਰਾਨੀ ਲਈ ਰੱਖਿਆ ਗਿਆ ਸੀ ਪਰ ਜੰਮੂ ਕਸ਼ਮੀਰ ਪੁਲਿਸ ਦੇ ਮੁਲਾਜਮਾਂ ਨੇ ਪੰਜਾਬ ਵਾਲੇ ਪਾਸੇ ਆ ਕੇ ਪਹਿਲਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਫਿਰ ਥਾਣੇ ਲਿਜਾ ਕੇ ਤਸ਼ੱਦਦ ਕੀਤਾ। ਪੀੜਤਾਂ ਨੇ ਘਟਨਾ ਲਈ ਜ਼ਿੰਮੇਵਾਰ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਦੱਸ ਦਈਏ ਕਿ ਰਣਜੀਤ ਸਾਗਰ ਡੈਮ ਤਿੰਨ ਪਾਸਿਆਂ ਤੋਂ ਘਿਰਿਆ ਹੋਇਆ ਹੈ। ਇਸ ਦੇ ਇੱਕ ਪਾਸੇ ਪੰਜਾਬ, ਹਿਮਾਚਲ ਹੈ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ ਦੀ ਸਰਹੱਦ ਹੈ ਅਤੇ ਹਰ ਸਾਲ ਤਿੰਨਾਂ ਰਾਜਾਂ ਦੇ ਸਬੰਧਤ ਹਿੱਸਿਆਂ ਤੋਂ ਆਉਣ ਵਾਲੀ ਝੀਲ ਦਾ ਠੇਕਾ ਮੱਛੀ ਫੜਨ ਵਾਲੇ ਠੇਕੇਦਾਰਾਂ ਨੂੰ ਦਿੱਤਾ ਜਾਂਦਾ ਹੈ, ਜਿਸ ਨਾਲ ਵਿਭਾਗ ਨੂੰ ਵਿੱਤੀ ਲਾਭ ਵੀ ਹੁੰਦਾ ਹੈ। ਇਹ ਵੀ ਦੱਸਣਯੋਗ ਐ ਕਿ ਇਸ ਸਾਲ ਰਣਜੀਤ ਸਾਗਰ ਡੈਮ ਦੇ ਪੰਜਾਬ ਹਿੱਸੇ ਤੋਂ ਆਉਣ ਵਾਲੀ ਝੀਲ ਦਾ ਠੇਕਾ 42 ਲੱਖ ਰੁਪਏ ਵਿੱਚ ਕੀਤਾ ਗਿਆ ਸੀ। ਚੱਲ ਰਹੇ ਜੁਲਾਈ ਮਹੀਨੇ ਦੌਰਾਨ ਮੱਛੀਆਂ ਫੜਣ ‘ਤੇ ਪਾਬੰਦੀ ਹੁੰਦੀ ਐ, ਜਿਸ ਦੇ ਚਲਦਿਆਂ ਠੇਕੇਦਾਰ ਨੇ ਰਾਤ ਸਮੇਂ ਸ਼ਰਾਰਤੀ ਅਨਸਰਾਂ ਦੇ ਮੱਛੀਆਂ ਫੜਣ ਤੇ ਨਜਰ ਰੱਖਣ ਲਈ ਆਪਣੇ 4 ਕਰਮਚਾਰੀ ਰੱਖੇ ਸਨ ਜੋ ਪੰਜਾਬ ਦੀ ਸਰਹੱਦ ‘ਤੇ ਬੈਠੇ ਸਨ, ਜਿਨ੍ਹਾਂ ਵਿੱਚੋਂ 2 ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਤਸੀਹੇ ਦਿੱਤੇ ਅਤੇ ਦੋਵਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਪੀੜਤਾਂ ਦਾ ਇਲਜਾਮ ਐ ਕਿ ਉਹ ਝੀਲ ਦੀ ਰਾਖੀ ਲਈ ਪੰਜਾਬ ਵਾਲੇ ਪਾਸੇ ਬੈਠੇ ਸਨ ਕਿ ਜੰਮੂ-ਕਸ਼ਮੀਰ ਪੁਲਿਸ ਦੇ ਕਰਮਚਾਰੀਆਂ ਨੇ ਪਹਿਲਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਫਿਰ ਪੁਲਿਸ ਸਟੇਸ਼ਨ ਲਿਜਾ ਕੇ ਤਸ਼ੱਦਦ ਕੀਤਾ ਐ। ਪਤਾ ਚੱਲਣ ਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਐ। ਪੀੜਤਾਂ ਦਾ ਕਹਿਣਾ ਹੈ ਕਿ ਘਟਨਾ ਵੇਲੇ ਜੰਮੂ-ਕਸ਼ਮੀਰ ਪੁਲਿਸ ਦੇ ਕਰਮਚਾਰੀ ਸ਼ਰਾਬੀ ਹਾਲਤ ਵਿੱਚ ਸਨ। ਠੇਕੇਦਾਰ ਆਫਤਾਬ ਮੁਹੰਮਦ ਨੇ ਵੀ ਘਟਨਾ ਲਈ ਜ਼ਿੰਮੇਵਾਰ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ।