ਮੋਗਾ ਦੇ ਪਿੰਡ ਦੋਲੇਵਾਲਾ ਵਿਚ ਭੈਣ-ਭਰਾ ਦਾ ਰਿਸ਼ਤਾ ਉਸ ਵੇਲੇ ਤਾਰ ਤਾਰ ਹੋ ਗਿਆ ਜਦੋਂ ਭਰਾ ਨੇ ਆਪਣੀ ਭੈਣ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੀ ਪਛਾਣ ਸਿਮਰਨ ਵਜੋਂ ਹੋਈ ਐ ਜੋ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਸਮਾਗਮ ਵਿਚ ਸੇਵਾ ਕਰ ਰਹੀ ਸੀ, ਜਿੱਥੇ ਉਸ ਦੇ ਭਰਾ ਹਰਮਨ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ ਮ੍ਰਿਤਕਾ ਮਹਾਜਨ ਪਰਿਵਾਰ ਨਾਲ ਸਬੰਧਤ ਸੀ ਅਤੇ ਉਸ ਨੇ ਤਿੰਨ ਸਾਲ ਪਹਿਲਾਂ ਰਾਏ ਸਿੱਖ ਭਾਈਚਾਰੇ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਤੋਂ ਉਸ ਦਾ ਭਰਾ ਨਰਾਜ ਸੀ, ਜਿਸ ਦੇ ਚਲਦਿਆਂ ਉਸ ਨੇ ਕਤਲ ਦੀ ਘਟਨਾ ਅੰਜ਼ਾਮ ਦਿੱਤੀ। ਜਾਣਕਾਰੀ ਗੁਰੂਦੁਆਰਾ ਸਾਹਿਬ ‘ਚ ਮੇਲਾ ਲੱਗਿਆ ਹੋਇਆ ਸੀ ਅਤੇ ਸਿਮਰਨ ਲੰਗਰ ਹਾਲ ਵਿੱਚ ਸੇਵਾ ਕਰ ਰਹੀ ਸੀ। ਇਸ ਦੌਰਾਨ ਹਰਮਨ ਉਥੇ ਆਇਆ ਅਤੇ ਸਿੱਧਾ ਆਪਣੀ ਭੈਣ ਦੇ ਸਿਰ ‘ਚ ਦੋ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਡੀਐਸਪੀ ਰਮਨਦੀਪ ਸਿੰਘ ਧਰਮਕੋਟ ਦੇ ਦੱਸਣ ਮੁਤਾਬਕ ਹਰਮਨ ਸਿੰਘ ਨੇ ਆਪਣੀ ਭੈਣ ਸਿਮਰਨ ਕੌਰ ਨੂੰ ਉਸਦੇ ਪਤੀ ਨਾਲ ਹੋਏ ਲਵ ਮੈਰਿਜ਼ ਨੂੰ ਲੈ ਕੇ ਰੰਜ ‘ਚ ਆ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਅਸੀਂ ਹਰਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹਥਿਆਰ ਵੀ ਕਬਜ਼ੇ ‘ਚ ਲੈ ਲਿਆ ਗਿਆ ਹੈ। ਮ੍ਰਿਤਕ ਸਿਮਰਨ ਦੀ ਸੱਸ ਅਤੇ ਪੜੋਸੀਆਂ ਨੇ ਵੀ ਪੁਸ਼ਟੀ ਕੀਤੀ ਕਿ ਘਰ ‘ਚ ਪਹਿਲਾਂ ਤੋਂ ਹੀ ਇਸ ਵਿਆਹ ਨੂੰ ਲੈ ਕੇ ਤਣਾਅ ਸੀ। ਪਰ ਸਿਮਰਨ ਆਪਣੀ ਘਰ-ਗ੍ਰਿਹਸਤੀ ਚੰਗੀ ਤਰ੍ਹਾਂ ਚਲਾ ਰਹੀ ਸੀ ਤੇ ਗੁਰੂਦੁਆਰੇ ‘ਚ ਨਿਯਮਤ ਸੇਵਾ ਕਰਦੀ ਸੀ। ਉਨ੍ਹਾਂ ਕਿਹਾ ਕਿ ਇਹ ਹੱਤਿਆ ਪਰਿਵਾਰਕ ਰੰਜਿਸ਼ ਦਾ ਨਤੀਜਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।