
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਧੂਰੀ ਰੇਲਵੇ ਫਾਟਕ ਦੇ ਨਾਲ ਓਵਰਬ੍ਰਿਜ ਬਣਾਉਣ ਦੇ ਕੰਮ ਦੀ ਮਨਜੂਰੀ ਨਾ ਦੇਣ ਲਈ ਪੰਜਾਬ ਸਰਾਕਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਇਸ ਰੇਲਵੇ ਓਵਰਬ੍ਰਿਜ ਦਾ ਕੰਮ ਕਾਫੀ ਸਮੇਂ ਤੋਂ ਲਮਕਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਐ, ਜਿਸ ਕਾਰਨ ਉਨ੍ਹਾਂ ਨੇ ਮੌਕੇ ਤੇ ਜਾ ਕੇ ਓਵਰਬ੍ਰਿਜ ਦੀ ਉਸਾਰੀ ਦਾ ਐਲਾਨ ਕੀਤਾ ਸੀ ਪਰ ਸਰਕਾਰ ਇਸ ਵਿਚ ਜਾਣਕਾਰੀ ਨਾ ਹੋਣ ਦੇ ਚਲਦਿਆਂ ਰੌੜੇ ਅਟਕਾ ਰਹੀ ਐ। ਉਨ੍ਹਾਂ ਕਿਹਾ ਕਿ ਇਸ ਓਵਰਬ੍ਰਿਜ ਤੇ 70 ਕਰੋੜ 56 ਲੱਖ ਖਰਚਾ ਆਵੇਗਾ ਜੋ ਸਾਰੇ ਦਾ ਸਾਰਾ ਰੇਲਵੇ ਵੱਲੋਂ ਖਰਚਿਆ ਜਾਵੇਗਾ। ਇਸ ਲਈ ਪੰਜਾਬ ਸਰਕਾਰ ਦੀ ਮਨਜੂਰੀ ਦੀ ਲੋੜ ਐ, ਜੋ ਸਰਕਾਰ ਦੇ ਨਹੀਂ ਰਹੀ। ਉਨ੍ਹਾਂ ਕਿਹਾ ਕਿ ਇਸ ਥਾਂ ਤੇ ਪਹਿਲਾਂ ਪੀਡਬਲਿਊਡੀ ਨੇ ਕੰਮ ਸ਼ੁਰੂ ਕੀਤਾ ਸੀ ਪਰ ਕੰਪਨੀ ਤੇ ਮਹਿਕਮੇ ਵਿਚਾਲੇ ਤਕਰਾਰ ਦਾ ਮਾਮਲਾ ਅਦਾਲਤ ਵਿਚ ਜਾਣ ਕਾਰਨ ਕੰਮ ਰੁਕ ਗਿਆ ਸੀ। ਲੋਕਾਂ ਦੀ ਮੁਸ਼ਕਲ ਨੂੰ ਵੇਖਦਿਆਂ ਜਦੋਂ ਰੇਲਵੇ ਇਸ ਕੰਮ ਨੂੰ ਆਪਣੇ ਹੱਥ ਵਿਚ ਲੈਣਾ ਚਾਹੁੰਦੀ ਐ ਤਾਂ ਮੁੱਖ ਮੰਤਰੀ ਮਾਨ ਮਸਲੇ ਨੂੰ ਬਿਨਾਂ ਵਜ੍ਹਾਂ ਉਲਝਾ ਕੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਰਹੇ ਨੇ। ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਮੁਖਾਤਿਬ ਹੁੰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਵਿਧਾਇਕਾ ਨੂੰ ਮੁੱਖ ਮੰਤਰੀ ਤਕ ਪਹੁੰਚ ਕਰ ਕੇ ਮਸਲੇ ਦੇ ਹੱਲ ਲਈ ਯਤਨ ਕਰਨੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਮੁੱਖ ਮੰਤਰੀ ਵੱਲ 6 ਚਿੱਠੀਆਂ ਲਿਖ ਚੁੱਕੇ ਨੇ ਪਰ ਕੋਈ ਜਵਾਬ ਨਹੀਂ ਆ ਰਿਹਾ। ਉਨ੍ਹਾਂ ਸਰਕਾਰ ਨੂੰ ਐਨਓਸੀ ਛੇਤੀ ਦੇਣ ਦੀ ਮੰਗ ਕੀਤੀ ਐ ਤਾਂ ਜੋ ਓਵਰਬ੍ਰਿਜ ਦਾ ਕੰਮ ਛੇਤੀ ਸ਼ੁਰੂ ਹੋ ਸਕੇ।

