
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਖਬੀਰ ਬਾਦਲ ਦੇ ਮੀਡੀਆ ਵਿਚ ਦਿੱਤੇ ਜਾ ਰਹੇ ਬਿਆਨਾਂ ਦਾ ਮੋੜਵਾਂ ਜਵਾਬ ਦਿੱਤਾ ਐ। ਸੁਖਬੀਰ ਬਾਦਲ ਵੱਲੋਂ ਹਜ਼ਾਰਾਂ ਅਕਾਲੀ ਵਰਕਰਾਂ ਨੂੰ ਰੋਕਣ ਦੇ ਲਾਏ ਜਾ ਰਹੇ ਇਲਜਾਮਾਂ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਵੇਲੇ ਖਾਲੀ ਦਲ ਬਣ ਚੁੱਕਾ ਐ ਅਤੇ ਸੜਕਾਂ ਤੇ ਉਤਾਰਨ ਲਈ ਹਜ਼ਾਰਾਂ ਵਰਕਰ ਮੌਜੂਦ ਨਹੀਂ ਨੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਵੇਲੇ ਪੰਜਾਬ ਅਤੇ ਪੰਥ ਦੇ ਮਸਲਿਆਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦਾ ਹੁੰਦਾ ਸੀ ਪਰ ਅੱਜ ਅਕਾਲੀ ਦਲ ਦੀ ਹਾਲਤ ਐਨੀ ਖਰਾਬ ਹੋ ਚੁੱਕੀ ਐ ਕਿ ਉਸ ਨੂੰ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਖਸ਼ ਖਾਤਰ ਸੜਕਾਂ ਤੇ ਉਤਰਨਾ ਪੈ ਰਿਹਾ ਐ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਐ ਅਤੇ ਜੋ ਕੋਈ ਵੀ ਕਾਨੂੰਨ ਦੇ ਰਾਹ ਦਾ ਰੋੜਾ ਬਣਨ ਦੀ ਕੋਸ਼ਿਸ਼ ਕਰੇਗਾ, ਉਸ ਖਿਲਾਫ ਸਖਤੀ ਨਾਲ ਨਿਪਟਿਆ ਜਾਵੇਗਾ। ਅਮਨ ਅਰੋੜਾ ਨੇ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਹੈ ਕਿ “ਕਦੇ ਪੰਥ ਲਈ ਸੰਘਰਸ਼ ਕਰਨ ਵਾਲਾ ਅਕਾਲੀ ਦਲ ਅੱਜ ਇੱਕ ਨਸ਼ਿਆਂ ਦੀ ਕਮਾਈ ਵਾਲੇ ਦੋਸ਼ੀ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ।” ਉਨ੍ਹਾਂ ਨੇ ਅੱਗੇ ਕਿਹਾ -“ਹਜ਼ਾਰਾਂ ਸਮਰਥਕ ਕਿੱਥੇ ਰਹਿ ਗਏ, ਜਿਨ੍ਹਾਂ ਨੂੰ ਰੋਕਿਆ ਜਾਵੇ?…ਅਕਾਲੀ ਦਲ ਹੁਣ ਖਾਲੀ ਦਲ ਬਣ ਚੁੱਕਿਆ ਹੈ। ਅਕਾਲੀ ਸਰਕਾਰ ਦੌਰਾਨ ਫੈਲਾਏ ਨਸ਼ਿਆਂ ਨੇ ਪੰਜਾਬ ਦੇ ਨੌਜਵਾਨ ਨੂੰ ਬਰਬਾਦ ਕੀਤਾ, ਜੋ ਅੱਜ ਇਨਸਾਫ ਮੰਗ ਰਹੇ ਨੇ। ਅਮਨ-ਕਾਨੂੰਨ ਦੀ ਸਥਿਤੀ ਖਰਾਬ ਕਰਨ ਵਾਲਿਾਂ ਨੂੰ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਨਸਾਫ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਦੱਸਣਯੋਗ ਐ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸੂਬਾ ਸਰਕਾਰ ਤੇ ਸੂਬੇ ਅੰਦਰ ਐਮਰਜੈਂਸੀ ਲਾਉਣ ਦੇ ਇਲਜਾਮ ਲਾਏ ਸਨ। ਉਨ੍ਹਾਂ ਦੱਸਿਆ ਕਿ ”ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਝੂਠੇ ਕੇਸ ‘ਚ ਫਸਾਏ ਗਏ ਬਿਕਰਮ ਸਿੰਘ ਮਜੀਠੀਆ ਦੇ ਹੱਕ ‘ਚ ਏਕਜੁੱਟਤਾ ਦਰਸਾਉਣ ਲਈ ਅੱਜ ਮੋਹਾਲੀ ਜਾ ਰਹੇ ਅਕਾਲੀ ਵਰਕਰਾਂ ਨੂੰ ਉਨ੍ਹਾਂ ਦੇ ਘਰਾਂ ‘ਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਸਾਰੀਆਂ ਮੁੱਖ ਸੜਕਾਂ ‘ਤੇ ਨਾਕੇ ਲਗਾ ਕੇ ਅਕਾਲੀ ਵਰਕਰਾਂ ਨੂੰ ਰੋਕਿਆ ਗਿਆ। ਇਹ ਤਰ੍ਹਾਂ ਦੀ ਦਮਨਕਾਰੀ ਕਾਰਵਾਈ ਕਾਇਰਤਾ ਦੀ ਨਿਸ਼ਾਨੀ ਹੈ। ਇਹ ਸਾਫ਼ ਹੋ ਗਿਆ ਹੈ ਕਿ ਮੁੱਖ ਮੰਤਰੀ ਮਾਨ ਬਿਕਰਮ ਮਜੀਠੀਆ ਲਈ ਵਧ ਰਹੇ ਸਮਰਥਨ ਤੋਂ ਘਬਰਾ ਗਏ ਹਨ।


