ਉਤਰੀ ਭਾਰਤ ਅੰਦਰ ਮੌਨਸੂਨ ਦੀ ਪਹਿਲੀ ਬਾਰਸ਼ ਨੇ ਸਾਰੇ ਪਾਸੇ ਜਲਥਲ ਕਰ ਦਿੱਤਾ ਐ। ਗੱਲ ਜੇਕਰ ਸੁੰਦਰ ਸ਼ਹਿਰ ਚੰਡੀਗੜ੍ਹ ਦੀ ਕੀਤੀ ਜਾਵੇ ਤਾਂ ਉੱਥੇ ਵੀ ਬੀਤੇ ਦਿਨਾਂ ਦੌਰਾਨ ਭਾਰੀ ਮੀਂਹ ਪਿਆ ਐ। ਇੱਥੇ ਸੋਮਵਾਰ ਦੇਰ ਰਾਤ ਭਾਰੀ ਮੀਂਹ ਪਿਆ ਅਤੇ ਮੰਗਲਵਾਰ ਸਵੇਰ ਤੋਂ ਵੀ ਮੌਸਮ ਬੱਦਲਵਾਈ ਵਾਲਾ ਰਿਹਾ। ਇਹ ਮੀਂਹ ਲਗਭਗ ਦੋ ਘੰਟੇ ਪਿਆ ਅਤੇ ਇਸ ਦੌਰਾਨ 72.3 ਮਿਲੀਮੀਟਰ ਪਾਣੀ ਅਸਮਾਨੋਂ ਡਿੱਗਿਆ। ਇਸ ਦੇ ਨਾਲ, ਜੂਨ ਮਹੀਨੇ ਦੀ ਕੁੱਲ ਬਾਰਿਸ਼ 263.9 ਮਿਲੀਮੀਟਰ ਦਰਜ ਕੀਤੀ ਗਈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 2013 ਵਿੱਚ 251.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ, ਜੋ ਕਿ ਜੂਨ ਮਹੀਨੇ ਦਾ ਰਿਕਾਰਡ ਸੀ। ਇਸ ਵਾਰ ਜੂਨ ਵਿੱਚ ਆਮ ਨਾਲੋਂ 68.6% ਜ਼ਿਆਦਾ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਅਨੁਸਾਰ 1 ਤੋਂ 4 ਜੁਲਾਈ ਤੱਕ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬੰਗਾਲ ਦੀ ਖਾੜੀ ਤੋਂ ਆ ਰਹੀ ਨਮੀ, ਉੱਪਰੀ ਹਵਾ ਵਿੱਚ ਬਣ ਰਹੇ ਸਿਸਟਮ ਅਤੇ ਘੱਟ ਦਬਾਅ ਕਾਰਨ ਚੰਡੀਗੜ੍ਹ ਵਿੱਚ ਚੰਗੀ ਬਾਰਿਸ਼ ਹੋਵੇਗੀ। 5 ਜੁਲਾਈ ਤੋਂ ਬਾਅਦ, ਬਾਰਿਸ਼ ਥੋੜ੍ਹੀ ਘੱਟ ਹੋ ਸਕਦੀ ਹੈ, ਪਰ ਮਾਨਸੂਨ ਕਮਜ਼ੋਰ ਨਹੀਂ ਹੋਵੇਗਾ ਅਤੇ ਆਉਂਦੇ ਦਿਨਾਂ ਦੌਰਾਨ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ।