ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਮਾਮਲੇ ਵਿਚ ਵਿਰੋਧੀਆਂ ਨੂੰ ਘੇਰਿਆ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਪੁਖਤਾ ਕਾਰਵਾਈ ਕਰ ਰਹੀ ਐ ਪਰ ਕਾਂਗਰਸ ਅਤੇ ਭਾਜਪਾ ਦੇ ਆਗੂ ਉਨ੍ਹਾਂ ਦੇ ਹੱਕ ਵਿਚ ਨਿਤਰ ਆਏ ਨੇ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਵੀ ਆਪਣੀਆਂ ਏਜੰਸੀਆਂ ਇਸ ਕੰਮ ਵਿਚ ਝੋਕ ਦਿੱਤੀਆਂ ਨੇ ਜੋ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਬਾਰੇ ਜਾਣਕਾਰੀ ਮੰਗ ਰਹੀਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦਾ ਗੋਰਖਧੰਦਾ ਚੱਲ ਰਿਹਾ ਐ ਪਰ ਹੁਣ ਜਦੋਂ ਮੌਜੂਦਾ ਸਰਕਾਰ ਇਸ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਐ ਤਾਂ ਸਾਰੀਆਂ ਧਿਰਾਂ ਇਕਜੁਟ ਹੋ ਕੇ ਸਰਕਾਰ ਦੇ ਕੰਮ ਵਿਚ ਵਿਘਣ ਪਾ ਰਹੀਆਂ ਨੇ। ਇਸ ਮਾਮੇਲ ‘ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੀ ਐਂਟਰੀ ‘ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਮਜੀਠੀਆ ਨੂੰ ਬਚਾਉਣ ‘ਚ ਲੱਗੀਆਂ ਹੋਈਆਂ ਹਨ। ਅਮਨ ਅਰੋੜਾ ਨੇ ਕਿਹਾ ਕਿ ਐੱਨ. ਸੀ. ਬੀ. ਨੇ ਮਜੀਠੀਆ ਮਾਮਲੇ ‘ਚ ਵਿਜੀਲੈਂਸ ਕੋਲੋਂ ਸਾਰਾ ਬਿਓਰਾ ਮੰਗ ਲਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦਾ ਇਹ ਮਜੀਠੀਆ ਅਤੇ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਬਚਾਉਣ ਦਾ ਤਰੀਕਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅੱਜ ਆਪਣੀਆਂ ਏਜੰਸੀਆਂ ਮਜੀਠੀਆ ਮਾਮਲੇ ‘ਚ ਲਾ ਦਿੱਤੀਆਂ ਹਨ ਅਤੇ ਪੰਜਾਬ ਸਰਕਾਰ ਕੋਲੋਂ ਸਾਰੇ ਦਸਤਾਵੇਜ਼ ਮੰਗ ਕੇ ਭਾਜਪਾ ਮਜੀਠੀਆ ਦੀ ਮਦਦ ਕਰਨਾ ਚਾਹੁੰਦੀ ਹੈ। ਅਮਨ ਅਰੋੜਾ ਨੇ ਕੇਂਦਰ ਸਰਕਾਰ, ਭਾਜਪਾ ਅਤੇ ਐੱਨ. ਸੀ. ਬੀ. ਨੂੰ ਪੁੱਛਿਆ ਕਿ ਨਸ਼ਿਆਂ ਦਾ ਧੰਦਾ ਤਾਂ ਪੰਜਾਬ ਦੀ ਧਰਤੀ ‘ਤੇ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਅਤੇ ਕੀ ਤੁਸੀਂ ਅਜੇ ਤੱਕ ਸੁੱਤੇ ਹੀ ਰਹੇ। ਕੀ ਭਾਜਪਾ ਨੂੰ ਅਜੇ ਤੱਕ ਇਹ ਹੀ ਪਤਾ ਨਹੀਂ ਲੱਗਾ ਕਿ ਪੰਜਾਬ ਅੰਦਰ ਕਿਵੇਂ ਨਸ਼ੇ ਦਾ ਧੰਦਾ ਚੱਲ ਰਿਹਾ ਹੈ। ਅੱਜ ਜਦੋਂ ਮਜੀਠੀਆ ਨੂੰ ਪੁਖ਼ਤਾ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਸਾਰੇ ਦੇ ਸਾਰੇ ਹੀ ਇਸ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਮਨ ਅਰੋੜਾ ਨੇ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਭਾਜਪਾ, ਅਕਾਲੀ ਦਲ ਨਾਲ ਆਪਣੀ ਪੁਰਾਣੀ ਸਾਂਝ ਪੁਗਾ ਕੇ ਮਜੀਠੀਆ ਨੂੰ ਬਚਾਉਣਾ ਚਾਹੁੰਦੀ ਹੈ। ਇਸ ਮੌਕੇ ਅਮਨ ਅਰੋੜਾ ਨੇ ਪ੍ਰਤਾਪ ਸਿੰਘ ਬਾਜਵਾ ਵਲੋਂ ਮਜੀਠੀਆ ਬਾਰੇ ਦਿੱਤੇ ਗਏ ਬਿਆਨਾਂ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦੇ ਰੰਗ ਕਾਂਗਰਸ, ਭਾਜਪਾ ਦੇ ਬਦਲਦੇ ਦੇਖੇ ਹਨ, ਗਿਰਗਿਟ ਵੀ ਇਨ੍ਹਾਂ ਨੂੰ ਦੇਖ ਕੇ ਸ਼ਰਮਸਾਰ ਹੋ ਜਾਂਦੀ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਸਾਰੇ ਲੀਡਰਾਂ ਅਤੇ ਕੇਂਦਰ ਸਰਕਾਰ ਨੂੰ ਸਾਫ਼ ਸ਼ਬਦਾਂ ‘ਚ ਕਹਿੰਦਾ ਹਾਂ ਕਿ ਜੋ ਮਰਜ਼ੀ ਹੀਲਾ-ਵਸੀਲਾ ਕਰ ਲਓ, ਨਸ਼ੇ ਦੇ ਸੌਦਾਗਰਾਂ ਨੂੰ ਬਚਾਉਣ ‘ਚ ਕਾਮਯਾਬ ਨਹੀਂ ਹੋਵੋਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਸੁਫ਼ਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਹੈ ਅਤੇ ਇਹ ਕੰਮ ਸਾਨੂੰ ਕਰ ਲੈਣ ਦਿਓ।