ਜਲਾਲਾਬਾਦ ਪੁਲਿਸ ਵੱਲੋਂ ਅੱਜ ਹਲਕੇ ਦਾ ਪਿੰਡ ਟਿਵਾਣਾ ਕਲਾਂ ਵਿਖੇ ਵਿਸ਼ੇਸ਼ ਤਲਾਸ਼ੀ ਮੁਹਿੰਮ ਵਿੱਢੀ ਗਈ। ਆਪਰੇਸ਼ਨ ਕਾਸੋ ਤਹਿਤ ਵਿੱਢੀ ਗਈ ਇਸ ਮੁਹਿਮ ਤਹਿਤ ਪੁਲਿਸ ਟੀਮਾਂ ਨੇ ਘਰ ਘਰ ਜਾ ਕੇ ਤਲਾਸ਼ੀ ਲਈ ਗਈ। ਇਸ ਮੌਕੇ ਐਸਐਸਪੀ ਫਾਜਿਲਕਾ ਗੁਰਮੀਤ ਸਿੰਘ ਤੋਂ ਇਲਾਵਾ 100 ਦੇ ਕਰੀਬ ਮੁਲਾਜਮਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਬੀਤੇ ਦਿਨ ਪਿੰਡ ਵਿਚ ਇਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਸੀ, ਜਿਸ ਦੇ ਚਲਦਿਆਂ ਇਲਾਕੇ ਵਿਚ ਤਲਾਸ਼ੀ ਮੁਹਿੰਮ ਵਿੱਢ ਕੇ ਨਸ਼ਾ ਤਸਕਰਾਂ ਦੀ ਪੈੜ ਨੱਪੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਜਾਣਕਾਰੀ ਮੁਤਾਬਿਕ ਦੱਸ ਦਈਏ ਕਿ ਬੀਤੇ ਦਿਨ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਦੇ ਵਿੱਚ ਚਿੱਟੇ ਦੀ ਓਵਰਡੋਜ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੁਝ ਵਿਅਕਤੀਆਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਤਹਿਤ ਹੀ ਪੁਲਿਸ ਨੇ ਪਿੰਡ ਟਿਵਾਣਾ ਕਲਾਂ ਤਲਾਸ਼ੀ ਮੁਹਿੰਮ ਵਿੱਢੀ ਗਈ, ਜਿਸ ਦੌਰਾਨ ਵੱਖ-ਵੱਖ ਨਸ਼ਾ ਤਸਕਰਾਂ ਦੇ ਘਰਾਂ ਦੀ ਡੂੰਘਾਈ ਦੇ ਨਾਲ ਚੈਕਿੰਗ ਕੀਤੀ ਗਈ। ਇਸ ਮੌਕੇ ਐਸ.ਐਸ.ਪੀ ਫਾਜ਼ਿਲਕਾ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਨਸ਼ਿਆਂ ਖਿਲਾਫ ਚਲਾਏ ਗਏ ਇਸ ਯੁੱਧ ਦੇ ਵਿੱਚ ਆਮ ਲੋਕ ਵੀ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕੋਈ ਨੌਜਵਾਨ ਨਸ਼ਿਆਂ ਦੀ ਭੈੜੀ ਦਲ-ਦਲ ਦੇ ਵਿੱਚ ਫਸ ਚੁੱਕਿਆ ਹੈ ਉਹ ਪੁਲਿਸ ਨਾਲ ਸੰਪਰਕ ਕਰੇ ਤਾਂ ਜੋ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾ ਚੰਗੇ ਰਸਤੇ ਲਿਆਇਆ ਜਾ ਸਕੇ। ਇਸ ਦੌਰਾਨ ਉਸਦਾ ਫਰੀ ਇਲਾਜ ਕਰਵਾਇਆ ਜਾਵੇਗਾ। ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਐਸ.ਐਸ.ਪੀ ਫ਼ਾਜ਼ਿਲਕਾ ਬੋਲੇ ਜਾਂ ਤਾਂ ਨਸ਼ਾ ਵੇਚਣਾ ਛੱਡ ਦੇਣ ਤੇ ਜਾਂ ਇਲਾਕਾ ਛੱਡ ਦੇਣ। ਉਹਨਾਂ ਆਖਿਆ ਕਿ ਹੁਣ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ, ਜੋ ਵੀ ਕੋਈ ਨਸ਼ਾ ਵੇਚਦਾ ਕਾਬੂ ਕੀਤਾ ਗਿਆ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।