ਕਪੂਰਥਲਾ ਦੇ ਬਲਾਕ ਨਡਾਲਾ ਦੇ ਪਿੰਡ ਤਲਵੰਡੀ ਪੁਰਦਲ ਨਾਲ ਸਬੰਧਤ ਇਕ ਨੌਜਵਾਨ ਦੀ ਅਮਰੀਕਾ ਦੀ ਧਰਤੀ ਤੇ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਹਿਚਾਨ ਰਣਜੀਤ ਸਿੰਘ (27) ਪੁੱਤਰ ਸਤਨਾਮ ਸਿੰਘ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ 50 ਲੱਖ ਕਰਜਾ ਚੁੱਕ ਕੇ 8 ਮਹੀਨੇ ਪਹਿਲਾਂ ਅਮਰੀਕਾ ਭੇਜਿਆ ਸੀ, ਜਿੱਥੇ ਜਾ ਕੇ ਉਸ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਐ। ਮੌਤ ਦੀ ਖਬਰ ਪਿੰਡ ਪਹੁੰਚਣ ਬਾਅਦ ਪਰਿਵਾਰ ਤੇ ਪਿੰਡ ਵਿਚ ਸੋਗ ਦੀ ਲਹਿਰ ਐ। ਪੀੜਤ ਪਰਿਵਾਰ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਗਾਈ ਐ। ਜਾਣਕਾਰੀ ਦੇ ਅਨੁਸਾਰ ਰਣਜੀਤ ਸਿੰਘ ਅਜੇ ਕੁਆਰਾ ਸੀ ਅਤੇ ਸੁਨਹਿਰੀ ਭਵਿੱਖ ਦੀ ਭਾਲ ਚ 8 ਮਹੀਨੇ ਪਹਿਲਾਂ ਵਿਦੇਸ਼ ਅਮਰੀਕਾ ਗਿਆ ਸੀ। ਅਜੇ ਅਮਰੀਕਾ ਦੀ ਧਰਤੀ ਤੇ ਪੈਰ ਟਿਕਣੇ ਸ਼ੁਰੂ ਹੋਈ ਹੋਏ ਸਨ ਕਿ ਉਸ ਦੇ ਜੀਵਨ ਵਿਚ ਇੱਕ ਭਿਆਨਕ ਬਿਮਾਰੀ ਨੇ ਦਸਤਕ ਦੇ ਦਿੱਤੀ। ਅਮਰੀਕਾ ਜਾ ਕੇ ਉਸ ਨੂੰ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੇ ਘੇਰ ਲਿਆ ਜਿੱਥੇ ਹਸਪਤਾਲ ਚ ਇਲਾਜ ਚਲਦਾ ਰਿਹਾ ਪਰੰਤੂ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਜੇਰੇ ਇਲਾਜ ਉਸ ਦੀ ਮੌਤ ਹੋ ਗਈ। ਜਿਸ ਉਮਰ ਵਿੱਚ ਘਰ ਵਿੱਚ ਪੁੱਤਰ ਦੇ ਵਿਆਹ ਦੀਆਂ ਸ਼ਹਿਨਾਈਆਂ ਗੂੰਜਣੀਆਂ ਸਨ ਉਸੇ ਉਮਰ ਵਿੱਚ ਇਸ ਨੌਜਵਾਨ ਦੇ ਅਕਾਲ ਚਲਾਣੇ ਕਾਰਨ ਸੱਥਰ ਵਿੱਛ ਗਏ ਹਨ। ਪਰਿਵਾਰ ਬੇਹਦ ਸਦਮੇ ਵਿੱਚ ਹੈ। ਪਰਿਵਾਰ ਦਾ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਰਣਜੀਤ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਸੀ। ਇੱਥੇ ਬੇਰੁਜ਼ਗਾਰੀ ਹੋਣ ਕਾਰਨ ਉਸਨੇ ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ ਜਾਣ ਦਾ ਫੈਸਲਾ ਲਿਆ। ਉਹ ਬੀਤੇ ਸਾਲ 2024 ਦੇ ਅਕਤੂਬਰ ਮਹੀਨੇ ਵਿਚ ਅਮਰੀਕਾ ਪੁੱਜਾ, ਜਿਥੇ ਉਹ ਕੈਲੇਫੋਰਨੀਆ ਦੇ ਏਲੈ ਸ਼ਹਿਰ ਚ ਰਹਿੰਦਾ ਸੀ ਤੇ ਕੁਝ ਮਹੀਨੇ ਬਾਅਦ ਉਸਨੂੰ ਨਾ- ਮੁਰਾਦ ਬਿਮਾਰੀ ਕੈਂਸਰ ਨੇ ਜਕੜ ਲਿਆ ਜਿਥੇ ਫੰਟਾਨਾ ਦੇ ਨਿਜੀ ਹਸਪਤਾਲ ਚ ਇਲਾਜ਼ ਚੱਲ ਰਿਹਾ ਸੀ ਤੇ ਮੇਰਾ ਭਤੀਜ਼ਾ ਹਰਦੀਪ ਸਿੰਘ ਇੰਗਲੈਂਡ ਤੋਂ ਅਮਰੀਕਾ ਆ ਕੇ ਉਸਦੀ ਦੇਖ- ਰੇਖ ਕਰ ਰਿਹਾ ਸੀ। ਸਾਡੇ ਉੱਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟ ਗਿਆ ਜਦੋਂ ਢਾਈ ਮਹੀਨੇ ਇਲਾਜ਼ ਚੱਲਣ ਤੋ ਬਾਅਦ ਵੀ ਜੇਰੇ ਇਲਾਜ 25 ਜੂਨ ਨੂੰ ਉਸਦੀ ਮੋਤ ਹੋ ਗਈ। ਪਿਤਾ ਨੇ ਦੱਸਿਆ ਕਿ ਅਸੀ ਇਕਲੌਤੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਅਮਰੀਕਾ ਭੇਜਿਆ ਸੀ। ਹੁਣ ਕਰਜ਼ੇ ਦੀ ਪੰਡ ਨੂੰ ਉਤਾਰ ਪਾਉਣਾ ਉਹਨਾਂ ਦੇ ਵੱਸ ਨਹੀਂ। ਲਿਹਾਜ਼ਾ ਉਹਨਾਂ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।