ਪੰਜਾਬ ਸੰਗਰੂਰ ’ਚ ਰਜਬਾਹੇ ਦੇ ਵਾਰ-ਵਾਰ ਟੁੱਟਣ ਤੋਂ ਕਿਸਾਨ ਦੁੱਖੀ/ ਵਾਰ ਵਾਰ ਟੁੱਟਣ ਕਾਰਨ ਕਿਸਾਨਾਂ ਦਾ ਹੋ ਰਿਹਾ ਭਾਰੀ ਨੁਕਸਾਨ/ ਕਿਸਾਨਾਂ ਨੇ ਸਥਾਈ ਹੱਲ ਕਰਨ ਦੀ ਸਰਕਾਰ ਅੱਗੇ ਲਾਈ ਗੁਹਾਰ By admin - June 27, 2025 0 2 Facebook Twitter Pinterest WhatsApp ਸੰਗਰੂਰ ਦੇ ਹਲਕਾ ਲਹਿਰਾ ਦੇ ਪਿੰਡ ਭੂਟਾਲ ਕਲਾਂ ਵਿਖੇ ਸਥਿਤ ਰਜਬਾਹੇ ਦੇ ਵਾਰ ਵਾਰ ਟੁੱਟਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਐ। ਦੁਖੀ ਹੋਏ ਕਿਸਾਨਾਂ ਨੇ ਸਰਕਾਰ ਤੋਂ ਮਸਲੇ ਦੇ ਸਥਾਈ ਹੱਲ ਦੀ ਮੰਗ ਕੀਤੀ ਐ। ਕਿਸਾਨਾਂ ਦੇ ਦੱਸਣ ਮੁਤਾਬਕ ਇੱਥੇ ਇਕ ਹਫਤੇ ਦੇ ਵਕਫੇ ਦੌਰਾਨ ਰਜਬਾਹਾ ਤਿੰਨ ਵਾਰ ਟੁੱਟ ਚੁੱਕਾ ਐ, ਜਿਸ ਕਾਰਨ ਜਿੱਥੇ ਖੇਤਾਂ ਵਿਚ ਜ਼ਿਆਦਾ ਪਾਣੀ ਭਰਨ ਕਾਰਨ ਨੁਕਸਾਨ ਹੋ ਰਿਹਾ ਐ ਉੱਥੇ ਹੀ ਅਗਲੇ ਕਿਸਾਨਾਂ ਤਕ ਪਾਣੀ ਨਹੀਂ ਪਹੁੰਚ ਰਿਹਾ। ਕਿਸਾਨਾਂ ਨੇ ਨਹਿਰ ਵਿਭਾਗ ਅੱਗੇ ਮਸਲੇ ਦੇ ਸਥਾਈ ਹੱਲ ਦੀ ਮੰਗ ਕੀਤੀ ਐ। ਕਿਸਾਨਾਂ ਦਾ ਕਹਿਣਾ ਐ ਇਕ ਪਹਿਲਾਂ ਜ਼ਮੀਨਾਂ ਖਾਲੀ ਹੋਣ ਕਾਰਨ ਨੁਕਸਾਨ ਘੱਟ ਹੋਇਆ ਐ ਪਰ ਜੇਕਰ ਇਹੋ ਹਾਲ ਰਿਹਾ ਤਾਂ ਉਨ੍ਹਾਂ ਦਾ ਆਉਂਦੇ ਸਮੇਂ ਵਿਚ ਭਾਰੀ ਨੁਕਸਾਨ ਹੋ ਸਕਦਾ ਐ। ਕਿਸਾਨਾਂ ਦਾ ਇਲਜਾਮ ਐ ਕਿ ਰਜਬਾਹੇ ਦੇ ਨਾਲ ਨਾਲ ਨਹਿਰ ਦਾ ਓਵਰ ਫਲੋਅ ਪਾਣੀ ਕੱਢਣ ਲਈ ਪਾਈਪ ਲਾਈਨ ਪਾਈ ਗਈ ਸੀ ਪਰ ਸਬੰਧਤ ਠੇਕੇਦਾਰ ਨੇ ਕੰਮ ਕਰਨ ਵਿਚ ਅਣਗਹਿਲੀ ਵਰਤੀ ਗਈ ਐ ਜਿਸ ਦੇ ਚਲਦਿਆਂ ਰਜਬਾਹਾ ਵਾਰ ਵਾਰ ਟੁੱਟ ਰਿਹਾ ਐ। ਕਿਸਾਨਾਂ ਨੇ ਕਿਹਾ ਕਿ ਪਾਈਪ ਲਾਈਨ ਪਾਉਣ ਸਮੇਂ ਮਿੱਟੀ ਨਹਿਰ ਵਿਚ ਸੁੱਟ ਦਿੱਤੀ ਸੀ, ਜਿਸ ਨੂੰ ਜੇਸੀਬੀ ਨਾਲ ਕੱਢਣ ਸਮੇਂ ਨਹਿਰ ਦੀਆਂ ਇੱਟਾਂ ਪੁੱਟੀਆਂ ਗਈਆਂ ਨੇ, ਜੋ ਰਜਬਾਹੇ ਦੇ ਵਾਰ ਵਾਰ ਟੁੱਟਣ ਦਾ ਕਾਰਨ ਬਣ ਰਿਹਾ ਐ। ਉਧਰ ਮੌਕੇ ਤੇ ਪਹੁੰਚੇ ਨਹਿਰੀ ਵਿਭਾਗ ਦੇ ਜੇਈ ਸਾਹਿਲ ਕੁਮਾਰ ਨੇ ਕਿਹਾ ਕਿ ਇਹ ਰਜਵਾਹਾ 40 ਸਾਲ ਤੋਂ ਵੱਧ ਸਮਾਂ ਪਹਿਲਾਂ ਬਣਿਆ ਹੋਇਆ ਹੈ ਜਿਸ ਦੀ ਹਾਲਤ ਖਸਤਾ ਹੋ ਚੁੱਕੀ ਹੈ, ਰਜਬਾਹੇ ਦਾ ਟੇਲ ਐਂਡ ਹੋਣ ਕਰਕੇ ਓਵਰ ਫਲੋਅ ਹੋ ਜਾਣ ਨਾਲ ਵਰਮਾਂ ਦੀ ਮਿੱਟੀ ਖੁਰ ਜਾਂਦੀ ਹੈ ਤੇ ਓਵਰ ਫਲੋ ਹੋਣ ਕਰਕੇ ਹੀ ਇਹ ਪਾੜ ਪਿਆ ਹੈ। ਪਤਾ ਲੱਗਦਿਆਂ ਹੀ ਫੀਲਡ ਸਟਾਫ ਭੇਜ ਕੇ ਮਨਰੇਗਾ ਮਜ਼ਦੂਰਾਂ ਦੀ ਮੱਦਦ ਨਾਲ ਪਾੜ ਨੂੰ ਪੂਰਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਦੇ ਸਥਾਈ ਹੱਲ ਲਈ ਇਸ ਨੂੰ ਪ੍ਰੋਜੈਕਟ ਵਿੱਚ ਪਾਇਆ ਗਿਆ ਹੈ ਅਤੇ ਕਾਰਵਾਈ ਮੁਕੰਮਲ ਹੋਣ ਉਪਰੰਤ ਇਸ ਨੂੰ ਕੰਕਰੀਟ ਦਾ ਬਣਾਇਆ ਜਾਵੇਗਾ।