ਮਾਨਸਾ ’ਚ ਮੀਂਹ ਕਾਰਨ ਖਰਾਬ ਹੋ ਰਹੀ ਗੁਦਾਮਾਂ ’ਚ ਪਈ ਕਣਕ/ ਭਾਰੀ ਮੀਂਹ ਦੌਰਾਨ ਖੁੱਲ੍ਹੇ ਅਸਮਾਨ ਹੇਠਾਂ ਪਈਆਂ ਨੇ ਬੋਰੀਆਂ/ ਕਿਸਾਨ ਆਗੂਆਂ ਨੇ ਸਾਜ਼ਿਸ਼ ਤਹਿਤ ਕਣਕ ਖੁੱਲ੍ਹੀ ਰੱਖਣ ਦੇ ਲਾਏ ਇਲਜ਼ਾਮ

0
3

ਮਾਨਸਾ ਖੁਰਦ ਦੇ ਗੁਦਾਮਾਂ ਵਿੱਚ ਸਟੋਰ ਕੀਤੀ ਕਣਕ ਨੂੰ ਸਰਕਾਰੀ ਬਾਬੂਆਂ ਵੱਲੋਂ ਸਾਜ਼ਿਸ਼ ਤਹਿਤ ਖੁਦ ਖਰਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਐ। ਇੱਥੇ ਸਟੋਰ ਕੀਤੀ ਕਣਕ ਨੂੰ ਖੁਦ ਤਰਪਾਲਾਂ ਲਾਹ ਕੇ ਭਾਰੀ ਮੀਂਹ ’ਚ ਭਿੱਜਣ ਲਈ ਛੱਡਿਆ ਗਿਆ ਐ। ਕਿਸਾਨ ਆਗੂਆਂ ਨੇ ਇਸ ਗੋਰਖਧੰਦੇ ਵਿਚ ਸ਼ਾਮਲ ਅਫਸਰਾਂ ਖਿਲਾਫ ਜਾਂਚ ਦੀ ਮੰਗ ਕੀਤੀ ਐ। ਕਿਸਾਨ ਆਗੂਆਂ ਦਾ ਕਹਿਣਾ ਐ ਕਿ ਇਸ ਕਣਕ ਨੂੰ ਜਾਣਬੁਝ ਕੇ ਤਰਪਾਲਾਂ ਲਾਹ ਕੇ ਵਰ੍ਹਦੇ ਮੀਂਹ ਵਿਚ ਖੁੱਲ੍ਹੇ ਅਸਮਾਨ ਹੇਠਾਂ ਰੱਖਿਆ ਗਿਆ ਐ ਤਾਂ ਜੋ ਖਰਾਬ ਹੋਈ ਕਣਕ ਨੂੰ ਸ਼ਰਾਬ ਫੈਕਟਰੀਆਂ ਨੂੰ ਵੇਚ ਕੇ ਮੁਨਾਫਾ ਕਮਾਇਆ ਜਾ ਸਕੇ।  ਕਿਸਾਨਾ ਨੇ ਜਿੱਥੇ ਪੰਜਾਬ ਦੇ ਅਨਾਜ ਨੂੰ ਬਦਨਾਮ ਕਰਨ ਸਾਜ਼ਿਸ਼ ਕਰਾਰ ਦਿੰਦਿਆਂ ਜਾਂਚ ਮੰਗੀ ਐ ਉੱਥੇ ਹੀ ਜਿਲ੍ਹਾ ਫੂਡ ਕੰਟਰੋਲਰ ਅਫਸਰ ਨੇ ਜਾਂਚ ਕਰਨ ਦੀ ਗੱਲ ਕਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪਹਿਲਾਂ ਇਹ ਕਣਕ ਢੱਕੀ ਹੋਈ ਸੀ ਜੋ ਅੱਜ ਭਾਰੀ ਮੀਂਹ ਦੌਰਾਨ ਲਾਹ ਦਿੱਤੇ ਗਏ ਸੀ। ਉਨ੍ਹਾਂ ਕਿਹਾ ਕਿ ਇਸ ਭਿੱਜੀ ਕਣਕ ਨੂੰ ਸਰਕਾਰੀ ਬਾਬੂ ਸਸਤੇ ਭਾਅ ਸ਼ਰਾਬ ਫੈਕਟਰੀਆਂ ਨੂੰ ਨਿਲਾਮ ਕਰ ਕੇ ਆਪਣੀਆਂ ਜੇਬਾਂ ਭਰਦੇ ਨੇ। ਉਨ੍ਹਾਂ ਕਿਹਾ ਕਿ ਖਰਾਬ ਹੋਈ ਕਣਕ ਦੀ ਵਰਤੋਂ ਸ਼ਰਾਬ ਫੈਕਟਰੀਆਂ ਵਿਚ ਸ਼ਰਾਬ ਬਣਾਉਣ ਲਈ ਕੀਤੀ ਜਾਂਦੀ ਐ, ਜਿਸ ਦੇ ਚਲਦਿਆਂ ਕਣਕ ਨੂੰ ਸਾਜ਼ਿਸ਼ ਤਹਿਤ ਖਰਾਬ ਕੀਤਾ ਜਾ ਰਿਹਾ ਐ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪੰਜਾਬ ਦੀ ਕਣਕ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵੀ ਹੋ ਸਕਦੀ ਐ। ਉਨ੍ਹਾਂ ਕਿਹਾ ਕਿ ਇਹ ਕਣਕ ਜਦੋਂ ਦੂਜੇ ਸੂਬਿਆਂ ਵਿਚ ਜਾਵੇਗੀ ਤਾਂ ਇਸ ਨੂ  ਨਾ-ਖਾਣਯੋਗ ਕਰਾਰ ਦੇ ਕੇ ਪੰਜਾਬ ਨੂੰ ਬਦਨਾਮ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਖੁਲ੍ਹੇ ਅਸਮਾਨ ਹੇਠਾਂ ਭਿੱਜ ਰਹੀ ਕਣਕ ਬਾਰੇ ਜਾਂਚ ਕਰਵਾ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਬਾਅਦ ਵਿਚ ਪੰਜਾਬ ਦੀ ਕਣਕ ਨੂੰ ਨਾ-ਖਾਣਯੋਗ ਕਹਿਣ ਦੀ ਥਾਂ ਇਸ ਦੀ ਸਾਂਭ-ਸੰਭਾਲ ਵਿਚਲੀਆਂ ਖਾਮੀਆਂ ਵੱਲ ਧਿਆਨ ਦੇਣ ਦੀ ਲੋੜ ਐ।

 

LEAVE A REPLY

Please enter your comment!
Please enter your name here