ਲੁਧਿਆਣਾ ’ਚ ਮੁੱਖ ਮੰਤਰੀ ਮਾਨ ਦੀ ਅਗਵਾਈ ’ਚ ਜੇਤੂ ਰੈਲੀ/ ਮੁਨੀਸ ਸਿਸੋਦੀਆ ਤੇ ਸੰਜੀਵ ਅਰੋੜਾ ਦੀ ਹਾਜ਼ਰੀ ’ਚ ਕੀਤਾ ਸੰਬੋਧਨ/ ਕਿਹਾ, ਕੌਣ ਕਿੰਨੇ ਪਾਣੀ ’ਚ ਲੋਕਾਂ ਨੂੰ ਸਭ ਪਤੈ…ਅਫਵਾਹਾਂ ਨਾਲ ਕੁੱਝ ਨਹੀਂ ਹੁੰਦਾ…

0
4

ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ। ਮੁਨੀਸ ਸਿਸੋਦੀਆ ਤੇ ਸੰਜੀਵ ਅਰੋੜਾ ਦੀ ਮੌਜੂਦਗੀ ਵਿਚ ਕੱਢੇ ਗਏ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਲਕਾ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦੇ ਕੇ ਵੱਡਾ ਕੰਮ ਕੀਤਾ ਐ। ਉਨ੍ਹਾਂ ਕਿਹਾ ਕਿ ਜਿੱਤ ਦੀ ਉਮੀਦ ਤਾਂ ਸੀ ਪਰ ਲੋਕ ਐਨੇ ਵੱਡੇ ਮਾਰਜਨ ਨਾਲ ਜਿਤਾਉਣਗੇ, ਇਹ ਪਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖਤ ਸੁਨੇਹਾ ਦਿੱਤਾ ਐ। ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਜ਼ਿਮਨੀ ਚੋਣ ਨੂੰ 2027 ਦੇ ਸੈਮੀਫ਼ਾਈਨਲ ਵਜੋਂ ਵੇਖਿਆ ਜਾ ਰਿਹਾ ਸੀ। ਆਮ ਆਦਮੀ ਪਾਰਟੀ ਨੇ ਇਹ ਸੈਮੀਫ਼ਾਈਨਲ ਜਿੱਤ ਲਿਆ ਹੈ ਤੇ ਹੁਣ ਫ਼ਾਈਨਲ ਦੀ ਵੀ ਤਿਆਰੀ ਹੈ। ਉਨ੍ਹਾਂ ਕਿਹਾ ਕਿ 2022 ਵਿਚ ਪੰਜਾਬ ਭਰ ਵਿਚ ਆਮ ਆਦਮੀ ਪਾਰਟੀ ਦੀ ਹਨੇਰੀ ਝੁੱਲੀ ਸੀ, ਪਰ ਇਸ ਜ਼ਿਮਨੀ ਚੋਣ ਵਿਚ 2022 ਨਾਲੋਂ ਵੀ ਵੱਧੀ ਲੀਡ ਨਾਲ ਸੰਜੀਵ ਅਰੋੜਾ ਦੀ ਜਿੱਤ ਹੋਈ ਹੈ, ਇਸ ਲਈ ਹੁਣ 2027 ਵਿਚ ਤੂਫ਼ਾਨ ਦੇ ਲਈ ਤਿਆਰ ਰਹੋ। ਉਨ੍ਹਾਂ ਨੇ ਪਾਰਟੀ ਮੈਂਬਰਾਂ ਨੂੰ ਪੰਜਾਬ ਦੀ ਤਰੱਕੀ ਲਈ ਜ਼ੋਰਾਂ-ਸ਼ੋਰਾਂ ਨਾਲ ਕੰਮ ਕਰਨ ਦੀ ਵੀ ਅਪੀਲ ਕੀਤੀ। ਸਿਸੋਦੀਆ ਨੇ ਗੁਜਰਾਤ ਦੀ ਵਿਸਾਵਦਰ ਵਿਧਾਨ ਸਭਾ ਉਪ-ਚੋਣ ਵਿਚ ਜਿੱਤ ਲਈ ‘ਆਪ’ ਦੇ ਉਮੀਦਵਾਰ ਗੋਪਾਲ ਇਟਾਲੀਆ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਉਹ ਸ਼ੇਰ ਵਾਂਗ ਗੁਜਰਾਤ ਵਿਧਾਨ ਸਭਾ ਵਿਚ ਦਹਾੜਨਗੇ ਅਤੇ ਸਿੱਖਿਆ, ਸਿਹਤ ਤੇ ਕਿਸਾਨਾਂ ਦੇ ਮੁੱਦੇ ਮਜ਼ਬੂਤੀ ਨਾਲ ਉਠਾਉਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ-ਚੋਣ ਦੇ ਨਤੀਜੇ ਪੰਜਾਬ ਦੇ ਸ਼ਹਿਰੀ ਵੋਟਰਾਂ ’ਚ ਆਮ ਆਦਮੀ ਪਾਰਟੀ ਪ੍ਰਤੀ ਵਧਦੇ ਵਿਸ਼ਵਾਸ ਨੂੰ ਦਰਸਾਉਂਦੇ ਹਨ। ‘ਆਪ’ ਸਰਕਾਰ ਨੇ ਪਿਛਲੇ 3 ਸਾਲਾਂ ’ਚ ਪੰਜਾਬ ਦੇ ਵਿਕਾਸ ਲਈ ਕਈ ਅਹਿਮ ਕੰਮ ਕੀਤੇ ਹਨ, ਜਿਸ ਨਾਲ ਪੰਜਾਬੀਆਂ ਦਾ ਸਰਕਾਰ ਪ੍ਰਤੀ ਵਿਸ਼ਵਾਸ ਕਾਫੀ ਵਧਿਆ ਹੈ। ਪਿਛਲੇ 3-4 ਮਹੀਨਿਆਂ ਤੋਂ ਪੰਜਾਬ ’ਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਕਾਰਨ ਵੀ ਲੋਕਾਂ ਦਾ ਸਰਕਾਰ ਪ੍ਰਤੀ ਵਿਸ਼ਵਾਸ ਵਧਿਆ ਹੈ। ਇਸ ਤੋਂ ਇਲਾਵਾ ਉਦਯੋਗਪਤੀਆਂ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿੰਗਲ ਵਿੰਡੋ ਪ੍ਰਣਾਲੀ ਨਾਲ ਵਪਾਰੀ ਵਰਗ ਦਾ ਸਰਕਾਰ ਵਿਚ ਭਰੋਸਾ ਵਧਿਆ ਹੈ।

LEAVE A REPLY

Please enter your comment!
Please enter your name here