ਮਾਛੀਵਾੜਾ ਸਾਹਿਬ ਨੇੜੇ ਸਤਲੁਜ ਦਰਿਆ ’ਚ ਡੁੱਬੇ ਦੋ ਨੌਜਵਾਨ/ ਗਰਮੀ ਤੋਂ ਬਚਣ ਲਈ ਨਹਾਣ ਦੌਰਾਨ ਵਾਪਰਿਆ ਹਾਦਸਾ/ ਇਕ ਦੀ ਲਾਸ਼ ਬਰਾਮਦ, ਦੂਜੇ ਦੀ ਗੋਤਾਖੋਰਾਂ ਵਲੋਂ ਤਲਾਸ਼ ਜਾਰੀ

0
4

ਮਾਛੀਵਾੜਾ ਸਾਹਿਬ ਨੇੜਲੇ ਪਿੰਡ ਬਲੀਏਵਾਲ ਦੇ ਦੋ ਨੌਜਵਾਨਾਂ ਦੀ ਸਤਲੁਜ ਦਰਿਆ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਐ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਸਤਲੁਜ ਦਰਿਆ ਵਿਚ ਨਹਾਉਣ ਗਏ ਸੀ, ਜਿੱਥੇ ਉਹ ਡੂੰਘੇ ਪਾਣੀ ਵਿਚ ਡੁੱਬ ਗਏ। ਦੋਵੇਂ ਨੌਜਵਾਨਾਂ ਦੀ ਪਛਾਣ ਸ਼ੁਭਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਉਰਫ ਰਾਜੂ ਵਜੋਂ ਹੋਈ ਐ। ਇਨ੍ਹਾਂ ਵਿਚੋਂ 29 ਸਾਲਾ ਸ਼ੁਭਪ੍ਰੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਐ ਜਦਕਿ ਗੁਰਮੀਤ ਸਿੰਘ ਦੀ ਗੋਤਾਖੋਰਾ ਵੱਲੋਂ ਤਲਾਸ਼ ਕੀਤੀ ਜਾ ਰਹੀ ਐ। ਜਾਣਕਾਰੀ ਅਨੁਸਾਰ ਅੱਜ ਦੁਪਹਿਰ 2 ਵਜੇ ਅੱਤ ਦੀ ਗਰਮੀ ਹੋਣ ਕਾਰਨ ਦੋਵੇਂ ਗਹਿਰੇ ਦੋਸਤ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਆਪਣੇ 2 ਹੋਰ ਸਾਥੀਆਂ ਸਮੇਤ ਨੇੜੇ ਹੀ ਵਗਦੇ ਸਤਲੁਜ ਦਰਿਆ ਵਿਚ ਨਹਾਉਣ ਚਲੇ ਗਏ। ਸਤਲੁਜ ਦਰਿਆ ਕਿਨਾਰੇ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਕੱਪੜੇ ਲਾਹ ਕੇ ਪਾਣੀ ਵਿਚ ਛਲਾਂਗ ਲਗਾ ਦਿੱਤੀ ਪਰ ਜਿਸ ਥਾਂ ਉਹ ਨਹਾਉਣ ਲੱਗੇ ਉਸ ਥਾਂ ’ਤੇ ਪਾਣੀ ਗਹਿਰਾ ਸੀ। ਨਹਾਉਣ ਸਮੇਂ ਅਚਾਨਕ ਗੁਰਮੀਤ ਸਿੰਘ ਡੁੱਬਣ ਲੱਗਾ ਤਾਂ ਉਸ ਨੂੰ ਸ਼ੁਭਪ੍ਰੀਤ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਗਹਿਰੇ ਪਾਣੀ ਦੀ ਲਪੇਟ ਵਿਚ ਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਨੇਡ਼੍ਹਲੇ ਹੀ ਪਿੰਡ ਦੇ ਗੋਤਾਖੋਰ ਮਲਕੀਤ ਸਿੰਘ ਉਰਫ਼ ਮੀਤਾ ਸ਼ਿਕਾਰੀ ਨੇ ਦਰਿਆ ਵਿਚ ਛਾਲ ਮਾਰ ਕੇ ਸ਼ੁਭਪ੍ਰੀਤ ਸਿੰਘ ਦੀ ਲਾਸ਼ ਨੂੰ ਤਾਂ ਬਾਹਰ ਕੱਢ ਲਿਆ ਪਰ ਦੂਸਰੇ ਨੌਜਵਾਨ ਗੁਰਮੀਤ ਸਿੰਘ ਦਾ ਕੋਈ ਸੁਰਾਗ ਨਾ ਲੱਗਾ। ਦੇਰ ਸ਼ਾਮ ਤੱਕ ਗੋਤਾਖੋਰ ਵਲੋਂ ਗੁਰਮੀਤ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਸੀ। ਪਿੰਡ ਵਾਸੀਆਂ ਮੁਤਾਬਕ ਸ਼ੁਭਪ੍ਰੀਤ ਸਿੰਘ ਕਾਫ਼ੀ ਪੜ੍ਹਿਆ ਲਿਖਿਆ ਸੀ ਜੋ ਘਰ ਵਿਚ ਆਨਲਾਈਨ ਹੀ ਕੰਮ ਕਰਦਾ ਸੀ। ਨੌਜਵਾਨ ਅਜੇ ਕੁਆਰਾ ਸੀ ਅਤੇ ਨੇਕ ਸੁਭਾਅ ਦਾ ਮਾਲਕ ਹੋਣ ਕਾਰਨ ਪਿੰਡ ਦਾ ਹਰੇਕ ਵਿਅਕਤੀ ਉਸਦੀ ਮੌਤ ਕਾਰਨ ਗ਼ਮਗੀਨ ਸੀ। ਸ਼ੁਭਪ੍ਰੀਤ ਸਿੰਘ ਅਤੇ ਉਸਦੇ ਦੋਸਤ ਗੁਰਮੀਤ ਸਿੰਘ ਨੇ ਅਚਾਨਕ ਅੱਤ ਦੀ ਗਰਮੀ ਕਾਰਨ ਦਰਿਆ ਵਿਚ ਜਾ ਕੇ ਨਹਾਉਣ ਦਾ ਮਨ ਬਣਾਇਆ ਪਰ ਹੋਣੀ ਅੱਗੇ ਉਨ੍ਹਾਂ ਦੇ ਇੰਤਜ਼ਾਰ ਵਿਚ ਖਡ਼ੀ ਸੀ ਜੋ ਕਿ ਮੌਤ ਦਾ ਕਾਰਨ ਬਣ ਗਈ। ਇੱਕ ਨੌਜਵਾਨ ਦੀ ਮੌਤ ਅਤੇ ਦੂਸਰੇ ਦੀ ਦਰਿਆ ਵਿਚ ਡੁੱਬਣ ਕਾਰਨ ਕੋਈ ਥਹੁ ਪਤਾ ਨਾ ਲੱਗਣ ਕਾਰਨ ਸਾਰੇ ਪਿੰਡ ਦਾ ਮਾਹੌਲ ਬੜਾ ਗ਼ਮਗੀਨ ਸੀ। ਦੂਸਰਾ ਨੌਜਵਾਨ ਗੁਰਮੀਤ ਸਿੰਘ ਪਿੰਡ ਵਿਚ ਹੀ ਮੋਬਾਇਲਾਂ ਤੇ ਮਨੀ ਟਰਾਂਸਫਰ ਦਾ ਕੰਮ ਕਰਦਾ ਹੈ ਜਿਸ ਦੀਆਂ 2 ਛੋਟੀਆਂ ਛੋਟੀਆਂ ਧੀਆਂ ਹਨ। ਉਸਦੇ ਘਰ ਵੀ ਮਾਹੌਲ ਬੜਾ ਗ਼ਮਗੀਨ ਬਣਿਆ ਹੋਇਆ ਸੀ।

LEAVE A REPLY

Please enter your comment!
Please enter your name here