ਬਰਨਾਲਾ ’ਚ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਐ। ਖਬਰਾਂ ਮੁਤਾਬਕ ਮ੍ਰਿਤਕ ਬੀਤੀ ਰਾਤ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਧਨੋਲਾ ਖੁਰਦ ’ਚ ਸੜਕ ਕੰਢਿਓਂ ਬਰਾਮਦ ਹੋਈ ਐ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਗਾਂਧੀ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਫੈਕਟਰੀ ਵਿਚ ਕੰਮ ਕਰਨ ਦੇ ਨਾਲ ਨਾਲ ਗਰੇਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ। ਪਰਿਵਾਰ ਦਾ ਇਲਜਾਮ ਐ ਪੁਲਿਸ ਉਨ੍ਹਾਂ ਦੇ ਪੁੱਤਰ ਨੂੰ ਲੜਾਈ ਦੇ ਇਕ ਮਾਮਲੇ ਵਿਚ ਪ੍ਰੇਸ਼ਾਨ ਕਰ ਰਹੀ ਸੀ। ਪੀੜਤ ਪਰਿਵਾਰ ਨੇ ਨੌਜਵਾਨ ਦੇ ਕਤਲ ਦੀ ਸ਼ੰਕਾ ਜਾਹਰ ਕਰਦਿਆਂ ਜਾਂਚ ਦੀ ਮੰਗ ਕੀਤੀ ਐ। ਉਧਰ ਪੁਲਿਸ ਨੇ ਸਾਰੇ ਦੋਸ਼ ਰੱਦ ਕੀਤੇ ਨੇ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਪਹੁੰਚਾ ਕੇ ਜਾਂਚ ਸ਼ੂਰ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਤਵੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਮ੍ਰਿਤਕ ਬੀਤੀ ਰਾਤ ਤੋਂ ਲਾਪਤਾ ਸੀ। ਅੱਜ ਉਨ੍ਹਾਂ ਨੂੰ ਹੰਡਿਆਇਆ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਮਿਲ ਗਈ ਹੈ। ਪਰਿਵਾਰਕ ਮੈਂਬਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਲਾਸ਼ ਨੂੰ ਚੁੱਕ ਕੇ ਬਰਨਾਲਾ ਦੇ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਸੀ। ਕਤਲ ਦੀ ਸ਼ੰਕਾ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਪੁੱਤਰ ਦੀ ਕੁਝ ਮੁੰਡਿਆਂ ਨਾਲ ਲੜਾਈ ਹੋਈ ਸੀ। ਇਸ ਸਬੰਧੀ ਵਿਰੋਧੀ ਧਿਰ ਨੇ ਲੜਕੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਇਸ ਨੌਜਵਾਨ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ, ਜਦੋਂ ਕਿ ਦੂਜੀ ਧਿਰ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਇਸ ਸਬੰਧੀ ਪੁਲਿਸ ਨੇ ਨੌਜਵਾਨ ਨੂੰ 3-4 ਵਾਰ ਚੁੱਕ ਕੇ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਕਿਹਾ ਕਿ ਪੁਲਿਸ ਕਹਿ ਰਹੀ ਹੈ ਕਿ ਨੌਜਵਾਨ ਦੀ ਲਾਸ਼ ਧਨੌਲਾ ਖੁਰਦ ਦੀ ਕਿਸੇ ਸੜਕ ‘ਤੇ ਮਿਲੀ ਹੈ, ਪਰ ਪੁਲਿਸ ਨੇ ਉਸਦੇ ਪਰਿਵਾਰ ਨੂੰ ਮੌਕੇ ‘ਤੇ ਨਹੀਂ ਬੁਲਾਇਆ। ਪਰਿਵਾਰ ਨੇ ਸਿੱਧੇ ਤੌਰ ‘ਤੇ ਦੋਸ਼ ਲਗਾਇਆ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਪਰਿਵਾਰ ਨੇ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਐ।