ਹੁਸ਼ਿਆਰਪੁਰ ਦੇ ਦੌਰੇ ’ਤੇ ਪਹੁੰਚੇ ਰਾਜਪਾਲ ਗੁਲਾਬ ਚੰਦ ਕਟਾਰੀਆ/ ਨਸ਼ਾ ਛੁਡਾਊ ਕੇਂਦਰਾਂ ’ਚ ਜਾ ਕੇ ਮਰੀਜ਼ਾਂ ਨਾਲ ਕੀਤੀ ਗੱਲਬਾਤ

0
11

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਹੁਸ਼ਿਆਰਪੁਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਫਤਿਹਗੜ੍ਹ ਦੇ ਮੁੜ ਵਸੇਬਾ ਕੇਂਦਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਵਿਚ ਇਲਾਜ ਅਧੀਨ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਇੱਕ ਨਿੱਜੀ ਕਾਲਜ ਵਿੱਚ ਕਰਵਾਏ ਗਏ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਜਾਂ ਰਾਜਪਾਲ ਦੀ ਮੁਹਿੰਮ ਨਹੀਂ ਐ ਬਲਕਿ ਇਸ ਨੂੰ ਲੋਕਾਂ ਦੀ ਮੁਹਿੰਮ ਬਣਾਉਣਾ ਪਵੇਗਾ। ਇਹ ਸ਼ੁਰੂਆਤ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਸ਼ੁਰੂ ਕਰਨੀ ਪਵੇਗੀ। ਇਸ ਦੌਰਾਨ ਉਨ੍ਹਾਂ ਨੇ ਹਰ ਵਰਗ ਦੇ ਲੋਕਾਂ ਨੂੰ ਨਸ਼ਿਆਂ ਖਿਲਾਫ ਲੜਾਈ ਵਿਚ ਸਾਥ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ, ਇਹ ਸੰਸਥਾ ਦੀ ਜ਼ਿੰਮੇਵਾਰੀ ਹੈ। ਸਾਡੇ ਬੱਚੇ ਕਿਸ ਤਰ੍ਹਾਂ ਦੇ ਸਮੂਹ ਵਿੱਚ ਬੈਠਦੇ ਹਨ, ਇਸੇ ਤਰ੍ਹਾਂ ਹੋਸਟਲ ਦੇ ਇੰਚਾਰਜ ਨੂੰ ਵੀ ਦੇਖਣਾ ਪਵੇਗਾ ਕਿ ਬੱਚੇ ਕੀ ਕਰ ਰਹੇ ਹਨ। ਸਾਡਾ ਭਵਿੱਖ ਇਨ੍ਹਾਂ ਥਾਵਾਂ ‘ਤੇ ਹੈ। ਜੇਕਰ ਅਸੀਂ ਉੱਥੋਂ ਸ਼ੁਰੂਆਤ ਕਰਦੇ ਹਾਂ, ਤਾਂ ਅਸੀਂ ਭਵਿੱਖ ਵਿੱਚ ਇਸ ਨਸ਼ੇ ਨੂੰ ਰੋਕ ਸਕਦੇ ਹਾਂ। ਇਸ ਮੌਕੇ ਕੁਝ ਨੌਜਵਾਨਾਂ, ਜਿਨ੍ਹਾਂ ਨੇ ਨਸ਼ਾ ਛੱਡ ਦਿੱਤਾ ਹੈ, ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਉਹ ਦੁਬਾਰਾ ਆਮ ਜ਼ਿੰਦਗੀ ਵਿਚ ਕਿਵੇਂ ਵਾਪਸ ਆਏ ਹਨ। ਇਹ ਤਜ਼ਰਬੇ ਮੌਜੂਦਾ ਮਰੀਜ਼ਾਂ ਲਈ ਪ੍ਰੇਰਨਾ ਸਰੋਤ ਬਣੇ ਹਨ। ਇਸ ਦੌਰਾਨ ਰਾਜਪਾਲ ਨੇ ਪੂਰੇ ਕੇਂਦਰ ਦਾ ਦੌਰਾ ਕੀਤਾ ਅਤੇ ਉੱਥੇ ਉਪਲਬੱਧ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਉੱਥੇ ਚੱਲ ਰਹੇ ਕਿੱਤਾਮੁਖੀ ਸਿਖਲਾਈ ਕੋਰਸਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪੰਜਾਬ ਦੇ ਰਾਜਪਾਲ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੇਂਦਰ ਵਿਚ ਮਲਟੀ-ਕੁਜ਼ੀਨ ਕੁਕਿੰਗ, ਹੇਅਰ ਡ੍ਰੈਸਰ ਅਤੇ ਸੈਲੂਨ ਆਰਟਿਸਟ ਵਰਗੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾ ਰਿਹਾ ਹੈ।  ਇਸ ਉਪਰੰਤ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਟੋਪਚੀ ਸੀ. ਐੱਸ. ਡੀ ਆਰਮੀ ਕੰਟੀਨ ਵਿਖੇ ਰੈੱਡ ਕ੍ਰਾਸ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਮਹੱਤਵਪੂਰਨ ਪਹਿਲਕਦਮੀ ‘ਵਿੰਗਜ਼ ਪ੍ਰੋਜੈਕਟ’ ਅਧੀਨ ਸਥਾਪਿਤ ਕੀਤੀ ਗਈ ਕੰਟੀਨ ਦਾ ਉਦਘਾਟਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਬੌਧਿਕ ਤੌਰ ‘ਤੇ ਵਿਸ਼ੇਸ਼ ਬੱਚਿਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਰੈੱਡ ਕਰਾਸ ਦੁਆਰਾ ਦਸੰਬਰ 2023 ਵਿਚ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਦੇ ਤਹਿਤ ਹੁਸ਼ਿਆਰਪੁਰ ਦੇ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ ਹੁਣ ਤੱਕ ਪੰਜ ਟਕ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਇਨ੍ਹਾਂ ਦੁਕਾਨਾਂ ਦੀ ਸਥਾਪਨਾ ਹਿਤ ਸੀ. ਐੱਸ. ਆਰ ਤਹਿਤ ਲੁਧਿਆਣਾ ਬੇਵਰੇਜਿਜ਼ (ਕੋਕਾ ਕੋਲਾ), ਹੁਸ਼ਿਆਰਪੁਰ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਹੈ। ਰਾਜਪਾਲ ਨੇ ਬਾਅਦ ਵਿਚ ਸਰਵਿਸਿਜ਼ ਕਲੱਬ ਵਿਖੇ ਸ਼ਹਿਰ ਦੇ ਪ੍ਰਮੁੱਖ ਨਾਗਰਿਕਾਂ ਨਾਲ ਮੁਲਾਕਾਤ ਵੀ ਕੀਤੀ।

LEAVE A REPLY

Please enter your comment!
Please enter your name here