ਬਟਾਲਾ ਦੀ ਆਲ ਇੰਡੀਆ ਵੁਮੈਨ ਕਾਨਫਰੰਸ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਲੈਕਚਰਾਰ ਜਸਬੀਰ ਸਿੰਘ ਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰੋ ਜਸਬੀਰ ਸਿੰਘ ਨੇ ਲੋਕਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਸ ਮੌਕੇ ਹਾਜਰੀਨ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਗੁਰੇਜ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਹਾਜ਼ਰ ਹੋਈਆਂ ਸ਼ਖਸ਼ੀਅਤਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਲਈ ਹਰ ਸਾਲ ਇੱਕ ਥੀਮ ਰੱਖਿਆ ਜਾਂਦਾ ਹੈ ਅਤੇ ਇਸ ਸਾਲ 2025 ਦੀ ਥੀਮ ਹੈ ‘ਗਲੋਬਲ ਪਲਾਸਟਿਕ ਪ੍ਰਦੂਸ਼ਣ ਦਾ ਅੰਤ’। ਇਸ ਅਧੀਨ ਵਿਸ਼ੇਸ਼ ਤੌਰ ਤੇ ਪਲਾਸਟਿਕ ਦੀ ਵਰਤੋਂ ਨਾਲ ਵੱਧ ਰਹੇ ਪ੍ਰਦੂਸ਼ਣ ਤੇ ਰੋਕ ਲਾਉਂਦੇ ਹੋਏ ਕੁਦਰਤ ਨਾਲ ਇਕਸੁਰਤਾ ਵਿੱਚ ਸਥਿਰਤਾ ਵੱਲ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਾਡੀ ਨੈਤਿਕ ਜਿੰਮੇਵਾਰੀ ਹੈ ਅਤੇ ਸਾਨੂੰ ਹਰ ਹੀਲੇ ਇਸ ਨੂੰ ਨਿਭਾਉਣਾ ਚਾਹੀਦਾ ਹੈ। ਭਾਰਤ ਵਿਕਾਸ ਪਰਿਸ਼ਦ ਦੇ ਸਟੇਟ ਕਨਵੀਨਰ ਨੇ ਦੱਸਿਆ ਕਿ ਸਾਡੇ ਵਲੋਂ ਭਾਰਤ ਵਿੱਚ 18 ਜਗ੍ਹਾ ਉਤੇ ਅੱਜ ਸੈਮੀਨਾਰ ਲਾਇਆ ਗਿਆ ਹੈ ਅਤੇ ਵੱਖ ਵੱਖ ਥਾਵਾਂ ਤੇ ਅੱਜ ਜੂਟ ਦੇ ਥੈਲੇ ਵੰਡੇ ਜਾ ਰਹੇ ਹਨ। ਬਟਾਲਾ ਵਿੱਚ ਵੀ ਕਰੀਬ 500 ਬੈਗ ਵੰਡਿਆ ਗਿਆ ਹੈ ਅਤੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਹੀ ਇਹ ਸੈਮੀਨਾਰ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਲਾਏ ਗਏ ਹਨ| ਉਥੇ ਹੀ ਸੈਮੀਨਾਰ ਤੇ ਪੁਹੰਚੇ ਬੱਚਿਆਂ ਨੇ ਕਿਹਾ ਕਿ ਅਸੀਂ ਆਪਣੇ ਆਲੇ ਦੁਆਲੇ ਲੋਕਾਂ ਨੂੰ ਜਾਗਰੂਕ ਕਰਾਂਗੇ ਤਾ ਜੋ ਪਲਾਸਟਿਕ ਥੈਲਿਆਂ ਜਾ ਹੋਰ ਐਸੀਆਂ ਵਸਤੂਆਂ ਜਿਹਨਾਂ ਨਾਲ ਸਾਡਾ ਵਾਤਾਵਰਨ ਖ਼ਰਾਬ ਹੋ ਰਿਹਾ ਹੈ ਉਸਦਾ ਬਾਈਕਾਟ ਹੋ ਸਕੇ।