ਅੰਮ੍ਰਿਤਸਰ ਪੁਲਿਸ ਵੱਲੋਂ 6 ਜੂਨ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਸ਼ਹਿਰ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਇਸੇ ਤਹਿਤ ਪੁਲਿਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਹਾਲ ਗੇਟ ਤੋਂ ਸ਼ੁਰੂ ਹੋ ਕੇ ਹੈਰੀਟੇਜ ਸਟਰੀਟ, ਦਰਬਾਰ ਸਾਹਿਬ ਦੇ ਆਸਪਾਸ ਅਤੇ ਹੋਰ ਮਹੱਤਵਪੂਰਨ ਇਲਾਕਿਆਂ ਵਿੱਚੋਂ ਹੋ ਕੇ ਲੰਘਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਫਲੈਗ ਮਾਰਚ ਕੱਢਣ ਦਾ ਮਕਸਦ ਲੋਕਾਂ ਵਿੱਚ ਭਰੋਸਾ ਪੈਦਾ ਕਰਨਾ ਹੈ ਤਾਂ ਜੋ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਣ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਲੋਕਲ ਪੁਲਿਸ ਨਾਲ ਨਾਲ ਪੰਜਾਬ ਹੈਡਕੁਆਰਟਰ ਤੋਂ ਵੀ ਵਧੀਕ ਪੁਲਿਸ ਫੋਰਸ ਮੰਗਵਾਈ ਗਈ ਹੈ, ਜੋ ਕਿ 6 ਜੂਨ ਨੂੰ ਲੈ ਕੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤੈਨਾਤ ਰਹੇਗੀ। ਪੁਲਿਸ ਅਧਿਕਾਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਸ਼ਰਾਰਤੀ ਅਨਸਰ ਅਮਨ ਭੰਗ ਕਰਨ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਪੁਲਿਸ ਵੱਲੋਂ ਸਖਤ ਤੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸ਼ਹਿਰ ਵਿੱਚ 25 ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਟਰੋਲਿੰਗ ਪਾਰਟੀਆਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਾਰੇ ਸ਼ਹਿਰ ਨੂੰ ਚਾਰ ਜੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਜੋਨ ਵਿੱਚ ਵਿਸ਼ੇਸ਼ ਟੀਮਾਂ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਕਿਸੇ ਵੀ ਸੰਦੇਹਜਨਕ ਗਤਿਵਿਧੀ ਦੀ ਤੁਰੰਤ ਜਾਣਕਾਰੀ ਨਜ਼ਦੀਕੀ ਥਾਣੇ ਨੂੰ ਦੇਣ।