ਅੰਮ੍ਰਿਤਸਰ ਦੇ ਨਾਮੀ ਹਸਪਤਾਲ ਅੰਦਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਇਕ ਔਰਤ ਦੀ ਇਲਾਜ ਦੌਰਾਨ ਮੌਤ ਤੋਂ ਬਾਅਦ ਪਰਿਵਾਰ ਨੇ ਧਰਨਾ ਲਾ ਦਿੱਤਾ। ਪਰਿਵਾਰ ਦੇ ਇਲਜਾਮ ਸੀ ਕਿ ਔਰਤ ਦੀ ਮੌਤ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਅਜਨਾਲਾ ਦੇ ਨਵੇਂ ਪਿੰਡ ਦੀ 35 ਸਾਲਾ ਮਹਿਲਾ ਨੇ ਗੋਡਿਆਂ ਦਾ ਅਪਰੇਸ਼ਨ ਕਰਵਾਇਆ ਸੀ ਪਰ ਡਾਕਟਰਾਂ ਵੱਲੋਂ ਸਹੀ ਤਰੀਕੇ ਨਾਲ ਇਲਾਜ ਨਾ ਕਰਨ ਕਾਰਨ ਉਸ ਦੀ ਮੌਤ ਹੋ ਗਈ ਐ। ਇਸ ਦੌਰਾਨ ਪੂਰਾ ਪਰਿਵਾਰ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰ ਰਿਹਾ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮਹਿਲਾ ਦੀ ਭੈਣ ਪਰਮਜੀਤ ਕੌਰ ਅਤੇ ਜੀਜੇ ਅਰਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਗੋਡੇ ਬਦਲਾਉਣ ਲਈ ਦਾਖਲ ਹੋਈ ਸੀ ਜਿਸਦੇ ਚਲਦੇ ਇਲਾਜ ਤੋਂ ਬਾਅਦ ਡਿਸਚਾਰਜ ਵਾਲੇ ਦਿਨ ਡਾਕਟਰਾਂ ਵੱਲੋਂ ਉਸ ਦੇ ਗਲਤ ਟੀਕਾ ਲਗਾ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋਈ ਗਈ। ਉਨ੍ਹਾਂ ਦੱਸਿਆ ਕਿ ਅਸੀਂ ਬੜੀ ਮੁਸ਼ਕਿਲ ਨਾਲ ਬਿਆਜ ‘ਤੇ ਪੈਸੇ ਲੈ ਸਾਢੇ ਚਾਰ ਲੱਖ ਰੁਪਏ ਦੇ ਇਲਾਜ ਕਰਵਾਇਆ ਸੀ ਪਰ ਅੱਜ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਅੱਜ ਸਾਡੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਅਸੀਂ ਡਾਕਟਰ ਨੂੰ ਫੋਨ ਕਰ ਰਹੇ ਹਾਂ ਪਰ ਉਹ ਫੋਨ ਵੀ ਨਹੀਂ ਚੁੱਕ ਰਹੇ। ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਧਰ ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।