ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਅਤੇ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਸਮੇਤ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਅਤੇ ਲਾਮਬੰਦ ਕਰ ਰਹੀ ਹੈ। ਇਸੇ ਕੜੀ ਤਹਿਤ ਆਮ ਆਦਮੀ ਪਾਰਟੀ ਦੀ ਮਾਝਾ ਜੋਨ ਇੰਚਾਰਜ ਸੋਨੀਆ ਮਾਨ ਅੱਜ ਜਿਲਾ ਗੁਰਦਾਸਪੁਰ ਦੇ ਕਸਬਾ ਕਿਲਾ ਟੇਕ ਸਿੰਘ ਪਹੁੰਚੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਸਮੂਹਿਕ ਸਹਿਯੋਗ ਨਾਲ ਨਸ਼ੇ ਦੀ ਬਿਮਾਰੀ ਨੂੰ ਜੜ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੋਨੀਆ ਮਾਨ ਨੇ ਦੱਸਿਆ ਕਿ ‘ਨਸ਼ਾ ਮੁਕਤੀ ਯਾਤਰਾ’ ਦਾ ਮੰਤਵ ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਹੈ ਅਤੇ ਹਰੇਕ ਪਿੰਡ ਤੇ ਹਰੇਕ ਗਲੀ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਗਰਾਊਂਡ ਪੱਧਰ ‘ਤੇ ਮੁਹਿੰਮ ਵਿੱਢੀ ਗਈ ਹੈ ਅਤੇ ਸਮੂਹਿਕ ਸਾਥ ਨਾਲ ਨਸ਼ੇ ਦੀ ਬਿਮਾਰੀ ਨੂੰ ਠੱਲ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਥੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਕੇ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕਰ ਰਹੀ ਹੈ ਉੱਥੇ ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਨਾਂ ਨੂੰ ਮੁੜ ਤੋਂ ਆਪਣੇ ਪੈਰਾਂ ਤੇ ਖੜੇ ਵੀ ਕਰ ਰਹੀ ਹੈ ਤਾਂ ਜੋ ਉਹ ਸਮਾਜ ਵਿੱਚ ਬਿਹਤਰ ਜਿੰਦਗੀ ਬਤੀਤ ਕਰ ਸਕਣ।ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਉੱਥੇ ਹੀ ਚੇਅਰਮੈਨ ਮਾਨਿਕ ਮਹਿਤਾ ਨੇ ਕਿਹਾ ਕਿ ਨਸ਼ਾ ਸਾਡੀ ਨੋਜਵਾਨ ਪੀੜੀ ਨੂੰ ਘੁਣ ਵਾਂਗ ਖਾ ਕੇ ਸਮਾਜ ਲਈ ਗੰਭੀਰ ਸਮੱਸਿਆ ਬਣ ਗਿਆ ਸੀ ਪਰ ਪੰਜਾਬ ਸਰਕਾਰ ਨੇ ਨਸ਼ੇ ਤੇ ਨਸ਼ਾ ਤਸਕਰਾਂ ਨੂੰ ਜੜ੍ਹੋਂ ਖਤਮ ਕਰਨ ਲਈ ਨਸ਼ਾ ਤਸਕਰਾਂ ਵਿਰੁੱਧ ਮਿਸਾਲੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਤਾਂ ਜੋ ਕੋਈ ਵੀ ਅੱਗੇ ਤੋਂ ਨਸ਼ਾ ਤਸਕਰੀ ਦਾ ਕੰਮ ਨਾ ਕਰੇ ਅਤੇ ਪੰਜਾਬ ਨੂੰ ਮੁੜ ਤੋਂ ਸਿਹਤਮੰਦ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਸਮੂਹ ਲੋਕਾਂ ਨੂੰ ਨਸ਼ਾ ਨਾ ਕਰਨ, ਨਸ਼ਿਆਂ ਤੋਂ ਬਚਣ ਲਈ ਜਾਗਰੂਕਤਾ ਅਤੇ ਨਸ਼ੇ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਾਉਣ ਵਿੱਚ ਸਹਾਇਤਾ ਕਰਨ ਦਾ ਪ੍ਰਣ ਦਿਵਾਇਆ।